ਅੰਮ੍ਰਿਤਸਰ:ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਬੱਲੇ-ਬੱਲੇ ਤਾਂ ਕਰਵਾ ਹੀ ਲੈਂਦੇ ਨੇ..ਅਜਿਹਾ ਹੀ ਵੱਡਾ ਕੰਮ ਅੰਮ੍ਰਿਤਸਰ ਦੇ ਜੰਟਾ ਨੇ ਕੀਤਾ ਹੈ। ਜੋ ਕੈਨੇਡਾ 'ਚ ਐੱਮ.ਐੱਲ.ਏ. ਬਣਿਆ ਹੈ।ਜਿਵੇਂ ਉਸ ਦੇ ਪਿੰਡ ਇਹ ਖ਼ਬਰ ਪਹੁੰਚੀ ਤਾਂ ਪਿੰਡ 'ਚ ਵਿਆਹ ਵਰਗਾ ਮਾਹੌਲ ਪੈਦਾ ਹੋ ਗਿਆ। ਜੀ ਹਾਂ, ਇਹ ਤਸਵੀਰਾਂ ਕੈਨੇਡਾ ਦੇ ਸਰੀ ਨੌਰਥ ਤੋਂ ਕੰਜਰਵੇਟਿਵ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਉਮੀਦਵਾਰ ਵਜੋਂ ਚੋਣ ਲੜਨ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਪੰਜਾਬੀ ਨੌਜਵਾਨ ਮਨਦੀਪ ਸਿੰਘ ਧਾਲੀਵਾਲ ਦੇ ਪਿੰਡ ਸਠਿਆਲਾ ਦੀਆਂ ਹਨ। ਖਾਸ ਗੱਲ ਇਹ ਹੈ ਕਿ ਬੇਸ਼ੱਕ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਦਾ ਪਰਿਵਾਰ ਕੈਨੇਡਾ ਦੇ ਵਿੱਚ ਹੈ ਪਰ ਪਿੰਡ ਵਾਸੀ ਉਸ ਦਾ ਪਰਿਵਾਰ ਬਣ ਕੇ ਇਸ ਜਸ਼ਨ ਨੂੰ ਦੋਹਰੇ ਚਾਰ ਚੰਨ ਲਗਾ ਰਹੇ ਨੇ ਅਤੇ ਇਸ ਜਿੱਤ ਦੀ ਖੁਸ਼ੀ ਵਿੱਚ ਮਿਠਾਈਆਂ ਵੰਡੀਆਂ ਜਾ ਰਹੀ ਹਨ।
ਐੱਮਐੱਲਏ ਦੇ ਜੱਦੀ ਪਿੰਡ 'ਚ ਰੌਣਕਾਂ
ਵੇਖੋ ਐਮ.ਐਲ.ਏ ਸਾਹਿਬ ਮਨਦੀਪ ਸਿੰਘ ਧਾਲੀਵਾਲ ਦੇ ਜੱਦੀ ਘਰ ਅਤੇ ਉਨ੍ਹਾਂ ਦੇ ਸਕੂਲ ਦੀਆਂ ਤਸਵੀਰਾਂ ਜਿੱਥੇ ਬੱਚੇ, ਬਜ਼ੁਰਗ ਅਤੇ ਨੌਜਵਾਨ ਧਾਲੀਵਾਲ ਦੀ ਜਿੱਤ ਉੱਤੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਪਿੰਡ ਦਾ ਜੰਮਪਲ ਨੌਜਵਾਨ ਅੱਜ ਆਪਣੀ ਮਿਹਨਤ ਦੇ ਦਮ ਉੱਤੇ ਇਸ ਮੁਕਾਮ ਤੱਕ ਪਹੁੰਚ ਸਕਿਆ ਹੈ। ਇਸ ਦੌਰਾਨ ਵੱਖ-ਵੱਖ ਪਿੰਡ ਵਾਸੀਆਂ ਨੇ ਜਿੱਥੇ ਮਨਦੀਪ ਧਾਲੀਵਾਲ ਦੀ ਜਿੱਤ ਉੱਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ।