ਪੰਜਾਬ

punjab

ETV Bharat / state

ਸਮਰਾਲਾ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ, ਖੜਗੇ ਕਰਨਗੇ ਕਨਵੈਂਸ਼ਨ ਦੀ ਅਗਵਾਈ ਪਰ ਨਵਜੋਤ ਸਿੱਧੂ 'ਤੇ ਸਸਪੈਂਸ ਬਰਕਰਾਰ - ਨਵਜੋਤ ਸਿੱਧੂ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਸਮਰਾਲਾ 'ਚ ਅੱਜ ਕਨਵੈਂਸ਼ਨ ਰਾਹੀ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ 'ਚ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਵੀ ਸ਼ਾਮਲ ਹੋਣਗੇ ਪਰ ਉਥੇ ਹੀ ਨਵਜੋਤ ਸਿੱਧੂ ਦੇ ਇਸ ਕਨਵੈਂਸ਼ਨ 'ਚ ਸ਼ਾਮਲ ਹੋਣ ਨੂੰ ਲੈਕੇ ਸਸਪੈਂਸ ਬਣਿਆ ਹੋਇਆ ਹੈ।

ਪੰਜਾਬ ਕਾਂਗਰਸ ਦੀ ਮਹਾਂ ਰੈਲੀ
ਪੰਜਾਬ ਕਾਂਗਰਸ ਦੀ ਮਹਾਂ ਰੈਲੀ

By ETV Bharat Punjabi Team

Published : Feb 11, 2024, 9:03 AM IST

ਲੁਧਿਆਣਾ: ਲੋਕ ਸਭਾ ਚੋਣਾਂ ਸਿਰ 'ਤੇ ਹਨ ਤਾਂ ਉਧਰ ਸਿਆਸੀ ਪਾਰਟੀਆਂ ਵਲੋਂ ਆਪਣਾ ਦਮ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਜਿਥੇ ਆਮ ਆਦਮੀ ਪਾਰਟੀ ਵਲੋਂ ਖੰਨਾ 'ਚ ਘਰ-ਘਰ ਰਾਸ਼ਨ ਸਕੀਮ ਸ਼ੁਰੂਆਤ ਰਾਹੀ ਅਗਾਮੀ ਚੋਣਾਂ ਦਾ ਡੰਕਾ ਵਜਾ ਦਿੱਤਾ ਹੈ ਤਾਂ ਅੱਜ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਕਾਂਗਰਸ ਦੀ ਸੂਬਾ ਪੱਧਰੀ ਕਨਵੈਂਸ਼ਨ ਹੋਣ ਜਾ ਰਹੀ ਹੈ, ਜਿਸ ਵਿੱਚ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਸ਼ਾਮਿਲ ਹੋਣਗੇ। ਜਿਸ 'ਚ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਵਲੋਂ ਚੋਣਾਂ ਤੋਂ ਪਹਿਲਾਂ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

'AAP ਤੇ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ': ਇਸ ਸਬੰਧੀ ਜਾਣਕਾਰੀ ਅਨੁਸਾਰ 38 ਹਜ਼ਾਰ ਤੋਂ ਵਧੇਰੇ ਕਾਂਗਰਸੀ ਵਰਕਰ ਇਸ ਕਨਵੈਂਸ਼ਨ ਵਿੱਚ ਸ਼ਾਮਿਲ ਹੋ ਸਕਦੇ ਹਨ, ਜਿਨਾਂ ਦੀ ਕਾਂਗਰਸ ਵੱਲੋਂ ਪਹਿਲਾਂ ਹੀ ਸੂਚੀ ਤਿਆਰ ਕੀਤੀ ਗਈ ਹੈ। ਇਸ ਮਹਾਂ ਕਨਵੈਂਸ਼ਨ ਨੂੰ ਲੋਕ ਸਭਾ ਚੋਣਾਂ ਲਈ ਕਾਂਗਰਸ ਦਾ ਬਿਗੁਲ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਦਿਨ ਹੀ ਖੰਨਾ ਦੀ ਦਾਣਾ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡੀ ਜਨ ਸਭਾ ਕੀਤੀ ਗਈ ਸੀ, ਜਿਸ ਵਿੱਚ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਲ ਹੀ ਅਰਵਿੰਦ ਕੇਜਰੀਵਾਲ ਵੀ ਮੌਕੇ 'ਤੇ ਪਹੁੰਚੇ ਹੋਏ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਹੀ ਪਾਰਟੀਆਂ ਵੱਲੋਂ ਇੰਡੀਆ ਗਠਜੋੜ ਦੇ ਤਹਿਤ ਪੰਜਾਬ ਦੇ ਵਿੱਚ ਚੱਲ ਰਹੇ ਸਮਝੌਤੇ ਦੀਆਂ ਕਿਆਸਰਾਈਆਂ 'ਤੇ ਹਾਲਾਂਕਿ ਪਾਣੀ ਫੇਰ ਦਿੱਤਾ ਹੈ ਅਤੇ ਧੁਰ ਵਿਰੋਧੀ ਵਾਂਗ ਦੋਵੇਂ ਹੀ ਪਾਰਟੀਆਂ ਇੱਕ ਦੂਜੇ ਦੇ ਸਾਹਮਣੇ ਆ ਕੇ ਖੜੀ ਹੋ ਗਈਆਂ ਹਨ।

ਵਰਕਰਾਂ ਨੂੰ ਇਕਜੁੱਟ ਕਰਨ 'ਚ ਜੁਟੀ ਕਾਂਗਰਸ: ਉਧਰ ਬੀਤੇ ਲੰਬੇ ਸਮੇਂ ਤੋਂ ਮੰਡਲ ਪੱਧਰ 'ਤੇ ਕਾਂਗਰਸ ਦੀਆਂ ਮੀਟਿੰਗ ਚੱਲ ਰਹੀ ਸੀ ਅਤੇ ਕਾਂਗਰਸ ਦੇ ਆਗੂ ਲਗਾਤਾਰ ਵਰਕਰਾਂ ਨੂੰ ਇੱਕਜੁੱਟ ਕਰ ਰਹੇ ਸਨ। ਲੁਧਿਆਣਾ ਦੇ ਵਿੱਚ ਵੀ ਰਵਨੀਤ ਬਿੱਟੂ, ਭਾਰਤ ਭੂਸ਼ਣ ਆਸ਼ੂ ਅਤੇ ਜਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੱਲੋਂ ਲਗਾਤਾਰ ਮੰਡਲ ਪ੍ਰਧਾਨਾਂ ਦੇ ਨਾਲ ਬੈਠਕ ਕਰ ਕੇ ਉਹਨਾਂ ਨੂੰ ਇੱਕਜੁੱਟ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਆਪਣੇ ਹੇਠਲੇ ਕੈਡਰ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਸਕੇ। ਇੰਨ੍ਹਾਂ ਮੀਟਿੰਗਾਂ ਤੋਂ ਬਾਅਦ ਹੀ ਸੂਬਾ ਪੱਧਰੀ ਕਨਵੈਂਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਮਰਾਲਾ ਦੇ ਵਿੱਚ ਇਹ ਕਨਵੈਂਸ਼ਨ ਹੋਵੇਗੀ ਜਿਸ ਵਿੱਚ ਸਿਰਫ ਲੁਧਿਆਣਾ ਤੋਂ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਜ਼ਿਲ੍ਹਿਆਂ ਤੋਂ ਵੀ ਮੋਗਾ, ਫਤਿਹਗੜ੍ਹ ਸਾਹਿਬ, ਜਲੰਧਰ ਆਦਿ ਤੋਂ ਵੀ ਵਰਕਰ ਆਉਣਗੇ। ਇਸ ਕਨਵੈਸ਼ਨ 'ਚ ਕੌਮੀ ਪ੍ਰਧਾਨ ਦੇ ਆਉਣ ਨੂੰ ਲੈ ਕੇ ਪੰਜਾਬ ਕਾਂਗਰਸ ਪੱਬਾਂ ਭਾਰ ਹੈ।

ਨਵਜੋਤ ਸਿੱਧੂ 'ਤੇ ਸਸਪੈਂਸ ਬਰਕਰਾਰ: ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਾਲੇ ਵੀ ਸਸਪੈਂਸ ਬਰਕਰਾਰ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਹਾਲਾਂਕਿ ਇਸ ਕਨਵੈਂਸ਼ਨ ਵਿੱਚ ਸ਼ਾਮਿਲ ਹੋਣ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਜਨਤਕ ਤੌਰ 'ਤੇ ਗੱਲ ਨਹੀਂ ਕਹੀ ਹੈ ਪਰ ਲਗਾਤਾਰ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀਆਂ ਕਾਰਵਾਈਆਂ ਨੂੰ ਲੈ ਕੇ ਬੀਤੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਚੱਲ ਰਹੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਆਪਣੇ ਸਾਥੀਆਂ ਦੇ ਨਾਲ ਪਬਲਿਕ ਮੀਟਿੰਗਾਂ ਕਰ ਰਹੇ ਹਨ। ਜਿਸ ਸਬੰਧੀ ਸ਼ਿਕਾਇਤ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੂੰ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨੇ ਵੀ ਦਿੱਤੀ ਹੈ। ਜਿਸ ਸਬੰਧੀ ਦੇਵੇਂਦਰ ਯਾਦਵ ਨੇ ਹਾਈ ਕਮਾਨ ਨੂੰ ਵੀ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ਨੂੰ ਲੈ ਕੇ ਅੱਗੇ ਗੱਲ ਪਹੁੰਚਾ ਦਿੱਤੀ ਹੈ। ਹਾਲਾਂਕਿ ਇਸ ਸੂਬਾ ਪੱਧਰੀ ਕਨਵੈਂਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਿਲ ਹੁੰਦੇ ਹਨ ਜਾਂ ਨਹੀਂ ਇਹ ਸਸਪੈਂਸ ਬਰਕਰਾਰ ਹੈ ਅਤੇ ਲਗਾਤਾਰ ਮੀਡੀਆ ਦੇ ਸਵਾਲ ਵੀ ਉੱਠ ਰਹੇ ਹਨ। ਉਥੇ ਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਇਹ ਕਨਵੈਂਸ਼ਨ ਕਿੰਨੀ ਕੁ ਕਾਮਯਾਬ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ABOUT THE AUTHOR

...view details