ਲੁਧਿਆਣਾ: ਬੀਤੇ ਦਿਨੀਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਮਹਿਲਾਵਾਂ ਨੂੰ ਲੈਕੇ ਵਿਵਾਦਤ ਬਿਆਨ ਦਿੱਤਾ ਸੀ। ਜਿਸ 'ਚ ਮਹਿਲਾ ਕਮਿਸ਼ਨ ਵਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਸਾਬਕਾ ਸੀਐਮ ਚੰਨੀ ਨੇ ਆਪਣੇ ਬਿਆਨ 'ਤੇ ਮੁਆਫ਼ੀ ਵੀ ਮੰਗ ਲਈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਸ ਮਾਮਲੇ 'ਚ ਨਿਸ਼ਾਨਾ ਸਾਧਿਆ ਗਿਆ।
ਸਾਬਕਾ CM ਚੰਨੀ ਦੇ ਬਿਆਨ 'ਤੇ ਬੋਲੇ ਮਹੇਸ਼ਇੰਦਰ ਗਰੇਵਾਲ (ETV BHARAT) ਸਾਬਕਾ CM ਚੰਨੀ ਨੂੰ ਲੈਕੇ ਦਿੱਤਾ ਬਿਆਨ
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਿੰਦਰ ਗਰੇਵਾਲ ਨੇ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਕਿਹਾ ਕਿ, ਉਹ ਇੱਕ ਵਾਰ ਨਹੀਂ ਸਗੋਂ ਔਰਤਾਂ ਸਬੰਧੀ ਕਈ ਵਾਰ ਵਿਵਾਦਾਂ 'ਚ ਘਿਰ ਚੁੱਕੇ ਹਨ। ਉਹਨਾਂ ਕਿਹਾ ਕਿ ਆਈਏਐਸ ਅਫਸਰ ਨੂੰ ਮੈਸੇਜ ਕਰਨ ਦਾ ਮਾਮਲਾ ਹੋਵੇ, ਭਾਵੇਂ ਮਹਿਲਾਵਾਂ ਨੂੰ ਲੈਕੇ ਗਲਤ ਬਿਆਨਬਾਜ਼ੀ ਹੋਵੇ। ਚਰਨਜੀਤ ਚੰਨੀ ਅਕਸਰ ਹੀ ਅਜਿਹੀ ਬਿਆਨਬਾਜ਼ੀ ਦੇ ਵਿੱਚ ਫਸੇ ਰਹਿੰਦੇ ਹਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਅਜਿਹਾ ਕੁਝ ਕਰਨਾ ਹੈ ਤਾਂ ਉਹਨਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ।
ਦਮਦਮੀ ਟਕਸਾਲ ਦੇ ਮੁਖੀ 'ਤੇ ਵੀ ਆਖੀ ਇਹ ਗੱਲ
ਇਸ ਦੇ ਨਾਲ ਹੀ ਮਹੇਸ਼ਇੰਦਰ ਗਰੇਵਾਲ ਨੇ ਦਮਦਮੀ ਟਕਸਾਲ ਦੇ ਮੁਖੀ ਵਲੋਂ ਭਾਜਪਾ ਦੇ ਹੱਕ 'ਚ ਵੋਟਾਂ ਪਾਉਣ ਦੇ ਮੁੰਬਈ 'ਚ ਦਿੱਤੇ ਬਿਆਨ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਇਹ ਸਭ ਭਾਜਪਾ ਦਾ ਕੀਤਾ ਕਰਾਇਆ ਹੈ। ਗਰੇਵਾਲ ਨੇ ਕਿਹਾ ਕਿ ਉਹਨਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਉਸ ਦਮਦਮੀ ਟਕਸਾਲ ਦੇ ਮੁਖੀ ਹਨ, ਜਿਸ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਵਰਗੇ ਸਨ।
ਜ਼ਿਮਨੀ ਚੋਣਾਂ ਨੂੰ ਲੈਕੇ ਸਰਕਾਰ 'ਤੇ ਨਿਸ਼ਾਨਾ
ਉੱਥੇ ਹੀ ਜ਼ਿਮਨੀ ਚੋਣਾਂ ਸਬੰਧੀ ਵੀ ਉਹਨਾਂ ਕਿਹਾ ਕਿ ਚਾਰ ਹਲਕਿਆਂ ਦੇ ਵਿੱਚ ਜੋ ਜ਼ਿਮਨੀ ਚੋਣ ਹੋ ਰਹੀ ਹੈ, ਉਸ ਵਿੱਚ ਗਿੱਦੜਵਾਹਾ ਅੰਦਰ ਪੈਸੇ ਵੰਡੇ ਗਏ ਅਤੇ ਦੂਜੇ ਪਾਸੇ ਡੇਰਾ ਬਾਬਾ ਨਾਨਕ 'ਚ ਸ਼ਰਾਬ ਦੇ ਟਰੱਕ ਫੜੇ ਗਏ ਹਨ। ਉਹਨਾਂ ਕਿਹਾ ਕਿ ਇਹ ਸਰਕਾਰ ਦਾ ਕੀਤਾ ਕਰਾਇਆ ਹੈ ਕਿਉਂਕਿ ਸਰਕਾਰ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਇਹ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਕਾਰੋਬਾਰੀ ਖੁਦ ਕਾਰੋਬਾਰ ਛੱਡ ਰਹੇ ਨੇ ਅਤੇ ਇਹ ਕੋਈ ਹੋਰ ਨਹੀਂ ਪੰਜਾਬ ਦੇ ਗਵਰਨਰ ਕਹਿ ਰਹੇ ਹਨ। ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਪੰਜਾਬ 'ਚ ਵਿਗੜ ਚੁੱਕੀ ਹੈ। ਇਸ ਲਈ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ।