HAPPY TEACHERS DAY 2024 (ETV Bharat) ਲੁਧਿਆਣਾ: ਅੱਜ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਅਧਿਆਪਕ ਨੂੰ ਸਾਡੇ ਸਮਾਜ ਦੇ ਵਿੱਚ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਸਾਡੇ ਜੀਵਨ ਦੇ ਵਿੱਚ ਅਧਿਆਪਕ ਦਾ ਵੀ ਉਨਾ ਹੀ ਵੱਡਾ ਰੋਲ ਰਹਿੰਦਾ ਹੈ, ਜਿੰਨਾ ਸਾਡੇ ਮਾਤਾ ਪਿਤਾ ਦਾ ਹੁੰਦਾ ਹੈ। ਸਟੇਟ ਅਵਾਰਡੀ ਅਧਿਆਪਕ ਰੁਮਾਨੀ ਅਹੂਜਾ ਨੇ ਵਿਦਿਆਰਥੀਆਂ ਲਈ ਉਹ ਕਰ ਵਿਖਾਇਆ ਹੈ ਜੋ ਹੁਣ ਤੱਕ ਕਿਸੇ ਅਧਿਆਪਕ ਨੇ ਨਹੀਂ ਕੀਤਾ ਸੀ। ਉਹਨਾਂ ਗਣਿਤ ਨੂੰ ਵਿਦਿਆਰਥੀਆਂ ਦੇ ਲਈ ਇੰਨਾ ਸੌਖਾ ਕਰ ਦਿੱਤਾ ਕਿ ਅੱਜ ਉਹ ਵਿਦਿਆਰਥੀਆਂ ਦੀ ਸਭ ਤੋਂ ਪਸੰਦੀਦਾ ਅਧਿਆਪਕ ਬਣਦੀ ਹੈ। ਗਣਿਤ ਨੂੰ ਪ੍ਰੈਕਟੀਕਲ ਵਜੋਂ ਥਰੀਡੀ ਮਾਡਲ ਬਣਾ ਕੇ ਉਹਨਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਸਮਝਾਇਆ ਕਿ ਉਹ ਤਾਹ ਉਮਰ ਤੱਕ ਯਾਦ ਰੱਖ ਸਕਣ। ਸਿਰਫ ਉਹਨਾਂ ਦੀ ਇਹ ਸਿੱਖਿਆ ਅਤੇ ਗਿਆਨ ਸਕੂਲ ਤੱਕ ਹੀ ਸੀਮਿਤ ਨਹੀਂ ਹੈ। ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਗਣਿਤ ਨੂੰ ਵੱਖਰੇ ਢੰਗ ਨਾਲ ਪੜ੍ਹਾਉਣ ਦੇ ਅੰਦਾਜ਼ ਨੂੰ ਲੈ ਕੇ ਕਾਫੀ ਵਾਹਵਾਹ ਹਾਸਿਲ ਕੀਤੀ ਹੈ।
ਸਟੇਟ ਐਵਾਰਡੀ:ਸਾਲ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਧਿਆਪਕ ਰੂਮਾਨੀ ਅਹੂਜਾ ਨੂੰ ਸਟੇਟ ਅਵਾਰਡ ਵਜੋਂ ਨਿਵਾਜਿਆ ਗਿਆ ਸੀ। ਇਸ ਤੋਂ ਇਲਾਵਾ ਕੇਰਲਾ ਦੇ ਗਵਰਨਰ ਵੱਲੋਂ ਦਿੱਲੀ ਦੇ ਵਿੱਚ 2023 ਅੰਦਰ ਮਾਲਤੀ ਗਿਆਨ ਪੀਠ ਪੁਰਸਕਾਰ ਵੀ ਮਿਲਿਆ। ਉਹ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਚੱਲ ਰਹੇ ਸਰਕਾਰੀ ਸਮਾਰਟ ਸਕੂਲ ਦੇ ਵਿੱਚ ਬਤੌਰ ਗਣਿਤ ਦੇ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸਕੂਲ ਦੇ ਵਿੱਚ ਗਣਿਤ ਦੀ ਲੈਬ ਸਥਾਪਿਤ ਕਰਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ ਹੈ। ਜ਼ਿਆਦਾਤਰ ਸਕੂਲਾਂ ਦੇ ਵਿੱਚ ਸਾਇੰਸ ਲੈਬ ਕੰਪਿਊਟਰ ਲੈਬ ਤਾਂ ਹੁੰਦੀ ਹੈ ਪਰ ਰੂਮਾਨੀ ਅਹੂਜਾ ਨੇ ਬੱਚਿਆਂ ਨੂੰ ਗਣਿਤ ਦੇ ਨਾਲ ਜੋੜਨ ਦੇ ਲਈ ਇਸ ਲੈਬ ਦੀ ਸਥਾਪਨਾ ਕਰਵਾਈ ਸੀ ਤਾਂ ਜੋ ਉਹ ਗਣਿਤ ਨੂੰ ਵੀ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਯਾਦ ਕਰਨ ਦੀ ਥਾਂ ਤੇ ਸਮਝ ਸਕਣ।
ਸੋਸ਼ਲ ਮੀਡਿਆ ਦੀ ਵਰਤੋਂ:ਅਧਿਆਪਕ ਰੂਮਾਨੀ ਅਹੂਜਾ ਨੇ ਆਪਣੇ ਗਿਆਨ ਦੇ ਇਸ ਭੰਡਾਰ ਨੂੰ ਨਾ ਸਿਰਫ ਸਕੂਲ ਤੱਕ ਸੀਮਿਤ ਰੱਖਿਆ ਹੈ ਸਗੋਂ ਸੋਸ਼ਲ ਮੀਡੀਆ ਪਲੈਟਫਾਰਮ ਤੇ ਵੀ ਉਹ ਕਾਫੀ ਐਕਟਿਵ ਹਨ। ਖਾਸ ਕਰਕੇ ਜਦੋਂ ਕਰੋਨਾ ਮਹਾਂਮਾਰੀ ਦਾ ਸਮਾਂ ਚੱਲ ਰਿਹਾ ਸੀ ਤਾਂ ਉਹਨਾਂ ਨੇ ਘਰ ਤੋਂ ਹੀ ਵਿਦਿਆਰਥੀਆਂ ਨੂੰ ਪੜ੍ਾਉਣ ਦੇ ਸੌਖੇ ਢੰਗ ਇਜ਼ਾਦ ਕੀਤੇ ਅਤੇ ਯੂਟੀਊਬ ਤੇ ਗਣਿਤ ਨਾਲ ਸੰਬੰਧਿਤ ਫਾਰਮੂਲੇ ਵਿਦਿਆਰਥੀਆਂ ਦੇ ਦਿਮਾਗ ਦੇ ਵਿੱਚ ਬਿਠਾਉਣ ਦੇ ਲਈ ਸੌਖੇ ਢੰਗ ਲੱਭੇ ਅਤੇ ਫਿਰ ਉਸ ਦੀ ਵੀਡੀਓ ਬਣਾਈਆਂ ਜਿਸ ਨੂੰ ਵਿਦਿਆਰਥੀ ਸਾਰੀ ਉਮਰ ਲਈ ਸਾਂਭ ਕੇ ਰੱਖ ਸਕਣਗੇ ਉਹ ਸਿਰਫ ਇੱਕ ਸੈਸ਼ਨ ਜਾਂ ਇੱਕ ਜਮਾਤ ਇੱਕ ਸਕੂਲ ਲਈ ਸੀਮਿਤ ਨਾ ਹੋ ਕੇ ਸਗੋਂ ਸਾਰੇ ਹੀ ਵਿਦਿਆਰਥੀਆਂ ਦੇ ਲਈ ਗਿਆਨ ਦੇ ਭੰਡਾਰ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਉਪਲਬਧ ਹੈ। ਜਿਸ ਨੂੰ ਉਹ ਜਦੋਂ ਚਾਹੇ ਹਾਸਿਲ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇੱਕ ਟੀਚਾ ਹੈ ਕਿ ਉਹਨਾਂ ਨੂੰ ਨੈਸ਼ਨਲ ਐਵਾਰਡ ਵੀ ਮਿਲੇ।
ਵਿਦਿਆਰਥੀਆਂ ਦੀ ਮਨਪਸੰਦ:ਰੁਮਾਨੀ ਅਹੂਜਾ ਅਧਿਆਪਕ ਵਿਦਿਆਰਥੀਆਂ ਦੀ ਵੀ ਪਸੰਦੀਦਾ ਅਧਿਆਪਕ ਹੈ। ਕਿਉਂਕਿ ਵਿਦਿਆਰਥੀਆਂ ਨੇ ਦੱਸਿਆ ਕਿ ਗਣਿਤ ਦਾ ਵਿਸ਼ਾ ਸਭ ਤੋਂ ਔਖਾ ਵਿਸ਼ਾ ਉਹਨਾਂ ਨੂੰ ਸ਼ੁਰੂ ਤੋਂ ਲੱਗਦਾ ਹੈ ਪਰ ਜਦੋਂ ਉਹ ਰੁਮਾਨੀ ਅਹੂਜਾ ਅਧਿਆਪਕ ਦੇ ਕੋਲ ਪੜ੍ਹਨ ਲੱਗੇ ਤਾਂ ਉਹਨਾਂ ਨੂੰ ਹੁਣ ਮੈਥ ਸਭ ਤੋਂ ਸੌਖਾ ਵਿਸ਼ਾ ਲੱਗਣ ਲੱਗ ਗਿਆ ਹੈ ਕਿਉਂਕਿ ਉਸ ਵਿੱਚ ਕੁਝ ਯਾਦ ਨਹੀਂ ਕਰਨਾ ਪੈਂਦਾ। ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦੇ ਪੜਾਉਣ ਦੇ ਢੰਗ ਉਹਨਾਂ ਦੇ ਬਣਾਏ ਹੋਏ ਥਰੀਡੀ ਉਦਾਹਰਣ ਮਾਡਲ ਇਸ ਤੋਂ ਇਲਾਵਾ ਉਹਨਾਂ ਦਾ ਸਮਝਾਉਣ ਦਾ ਢੰਗ ਹੀ ਉਹਨਾਂ ਨੂੰ ਕਾਫੀ ਪਸੰਦ ਆਉਂਦਾ ਹੈ ਇਸ ਕਰਕੇ ਉਹਨਾਂ ਨੂੰ ਇਹ ਅਧਿਆਪਕ ਬਹੁਤ ਪਸੰਦ ਹਨ। ਵਿਦਿਆਰਥੀਆਂ ਨੇ ਕਿਹਾ ਕਿ ਅਧਿਆਪਕ ਦਿਵਸ ਤੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਲਈ ਕਾਰਡ ਤਿਆਰ ਕੀਤੇ ਹਨ।