ਲੁਧਿਆਣਾ:ਪੂਰੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈਣ ਦੇ ਨਾਲ ਸੰਘਣੀ ਧੁੰਦ ਪੈ ਰਹੀ ਹੈ। ਜਿਸ ਕਰਕੇ ਲਗਾਤਾਰ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ। ਪਰ ਪਿਛਲੇ ਸਾਲ ਨਾਲੋਂ ਲੋਕਾਂ ਦੇ ਵਿੱਚ ਕਾਫੀ ਜਾਗਰੂਕਤਾ ਵਧੀ ਹੈ ਅਤੇ 35 ਫੀਸਦੀ ਤੱਕ ਸੜਕ ਹਾਦਸਿਆਂ ਦੇ ਵਿੱਚ ਕਟੌਤੀ ਆਈ ਹੈ। ਦੂਜੇ ਪਾਸੇ ਲੋਕਾਂ ਨੂੰ ਟਰੈਫਿਕ ਪੁਲਿਸ ਵੱਲੋਂ ਸਪੀਡ ਘੱਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਜੇਕਰ ਇਸ ਦੇ ਬਾਵਜੂਦ ਕੋਈ ਤੇਜ਼ ਰਫਤਾਰ ਦੇ ਵਿੱਚ ਗੱਡੀ ਚਲਾਉਂਦਾ ਹੈ ਤਾਂ ਉਸ ਦਾ ਰਫਤਾਰ ਦੇ ਮੁਤਾਬਿਕ ਚਲਾਨ ਕੱਟਿਆ ਜਾ ਰਿਹਾ ਹੈ। ਹਾਈਵੇ 'ਤੇ 80 ਦੀ ਸਪੀਡ ਦੀ ਲਿਮਿਟ ਹੈ, ਜਦੋਂ ਕਿ ਦੂਜੇ ਪਾਸੇ ਸ਼ਹਿਰ ਦੇ ਵਿੱਚ ਐਲੀਵੇਟਡ ਰੋਡ 'ਤੇ 60 ਦੇ ਕਰੀਬ ਰਫਤਾਰ ਦੀ ਲਿਮਿਟ ਹੈ। ਇਸ ਦੇ ਬਾਵਜੂਦ ਕੁਝ ਲੋਕ ਰਫ਼ਤਾਰ ਦੀ ਗਤੀ ਸੀਮਾ ਨੂੰ ਤੋੜ ਕੇ ਵਾਹਨ ਤੇਜ਼ ਚਲਾ ਰਹੇ ਨੇ, ਜਿਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਤੇਜ਼ ਵਾਹਨ ਚਲਾਉਣ ਵਾਲੇ 'ਤੇ ਕਾਰਵਾਈ
ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਬਣੇ ਪੁਲ 'ਤੇ ਲੁਧਿਆਣਾ ਟਰੈਫਿਕ ਪੁਲਿਸ ਵੱਲੋਂ ਸਪੀਡ ਰਡਾਰ ਲਗਾਏ ਗਏ ਹਨ ਅਤੇ ਜੇਕਰ ਕੋਈ 70 ਤੋਂ ਵੱਧ ਸਪੀਡ ਦੇ ਵਿੱਚ ਗੱਡੀ ਚਲਾਉਂਦਾ ਹੈ ਤਾਂ ਉਸ ਦਾ ਮੌਕੇ 'ਤੇ ਹੀ ਚਲਾਨ ਕੱਟਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੈਫਿਕ ਪੁਲਿਸ ਦੇ ਅਫਸਰ ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ 60 ਕਿਲੋਮੀਟਰ ਪ੍ਰਤੀ ਘੰਟੇ ਦੀ ਇੱਥੇ ਰਫਤਾਰ ਦੀ ਹੱਦ ਹੈ ਅਤੇ ਜੇਕਰ ਕੋਈ 70 ਤੱਕ ਵੀ ਚਲਾਉਂਦਾ ਹੈ ਤਾਂ ਸਰਕਾਰ ਦੇ ਨਿਯਮਾਂ ਦੇ ਮੁਤਾਬਿਕ ਉਸ ਨੂੰ 10 ਕਿਲੋਮੀਟਰ ਤੱਕ ਦੀ ਛੋਟ ਹੈ ਪਰ ਉਸ ਤੋਂ ਉੱਪਰ ਜੇਕਰ ਕੋਈ ਚਲਾਉਂਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਂਦੀ ਹੈ।