ਲੁਧਿਆਣਾ: ਬੀਤੀ ਰਾਤ ਲੁਧਿਆਣਾ ਪੁਲਿਸ ਦੀ ਇੱਕ ਬਦਮਾਸ਼ ਨਾਲ ਕਰਾਸ ਫਾਇਰਿੰਗ ਹੋਈ ਹੈ। ਇਸ ਮੁਕਾਬਲੇ 'ਚ ਬਦਮਾਸ਼ ਦੀ ਸੱਜੀ ਲੱਤ 'ਤੇ ਗੋਲੀ ਲੱਗੀ ਹੈ। ਜ਼ਖਮੀ ਹਾਲਤ 'ਚ ਮੁਲਜ਼ਮ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਗਿਆ। ਜ਼ਖਮੀ ਅਪਰਾਧੀ ਦਾ ਨਾਂ ਅਮਿਤ ਕੁਮਾਰ ਹੈ। ਅਮਿਤ ਟਿੱਬਾ ਰੋਡ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਦੋ ਕੇਸ ਦਰਜ ਨੇ। ਉਸ ਨੂੰ ਗ੍ਰਿਫਤਾਰ ਕਰਨ ਲਈ ਹੀ ਪੁਲਿਸ ਪਾਰਟੀ ਨੇ ਨਾਕੇਬੰਦੀ ਕੀਤੀ ਸੀ ਜਿਸ ਵੇਲੇ ਇਹ ਮੁਕਾਬਲਾ ਹੋਇਆ।
ਪੁਲਿਸ ਪਾਰਟੀ 'ਤੇ ਫਾਇਰਿੰਗ
ਜਾਣਕਾਰੀ ਦਿੰਦਿਆਂ ਏਡੀਸੀਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਅੱਜ ਸੀਆਈਏ-1 ਟੀਮ ਦੇ ਏਐਸਆਈ ਹਰਜਾਪ ਸਿੰਘ ਨੇ ਪੁਲੀਸ ਪਾਰਟੀ ਨਾਲ ਜੱਸੀਆਂ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਐਕਟਿਵਾ 'ਤੇ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਸ਼ੱਕ ਹੋਣ 'ਤੇ ਪੁਲਿਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਬਦਮਾਸ਼ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਾਕਾਬੰਦੀ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਆਪਣੀ ਪੁਜ਼ੀਸ਼ਨ ਸੰਭਾਲ ਲਈ ਅਤੇ ਕਰਾਸ ਫਾਇਰਿੰਗ ਕੀਤੀ। ਮੁਕਾਬਲੇ ਵਿੱਚ ਬਦਮਾਸ਼ ਨੂੰ ਗੋਲੀ ਲੱਗ ਗਈ। ਘਟਨਾ ਵਾਲੀ ਥਾਂ 'ਤੇ ਕੁੱਲ 3 ਫਾਇਰ ਹੋਏ ਹਨ, ਜਿਸ 'ਚ 2 ਗੋਲੀਆਂ ਬਦਮਾਸ਼ ਵੱਲੋਂ ਚਲਾਈਆਂ ਗਈਆਂ ਅਤੇ 1 ਗੋਲੀ ਪੁਲਿਸ ਮੁਲਾਜ਼ਮਾਂ ਵੱਲੋਂ ਚਲਾਈ ਗਈ।