ਟਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਐਕਸ਼ਨ (ETV BHARAT) ਲੁਧਿਆਣਾ: ਜੇਕਰ ਤੁਸੀਂ ਵੀ ਟਰੈਫਿਕ ਸਿਗਨਲ ਤੋੜਨ ਦੇ ਆਦੀ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਜਰੂਰੀ ਹੈ ਕਿਉਂਕਿ ਹੋ ਸਕਦਾ ਹੈ ਅਗਲੀ ਵਾਰ ਟਰੈਫਿਕ ਸਿਗਨਲ ਤੋੜਨ 'ਤੇ ਚਲਾਨ ਸਿੱਧਾ ਤੁਹਾਡੇ ਘਰ ਹੀ ਆ ਜਾਵੇ। ਦਰਅਸਲ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਹੁਣ ਲੁਧਿਆਣਾ ਦੇ ਟਰੈਫਿਕ ਸਿਗਨਲ ਨੂੰ ਹਾਈ ਟੈਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਈ ਚਲਾਣ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਜਿਸ ਦੇ ਤਹਿਤ ਜੇਕਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ, ਸਿਗਨਲ ਜੰਪ ਕਰੇਗਾ ਤਾਂ ਉਸ ਦੇ ਘਰ ਹੀ ਚਲਾਨ ਕੱਟ ਕੇ ਆ ਜਾਵੇਗਾ। ਜਿਸ ਦਾ ਉਸ ਨੂੰ ਫਿਰ ਭੁਗਤਾਨ ਕਰਨਾ ਪਵੇਗਾ।
ਨਿਯਮ ਤੋੜਨ 'ਤੇ ਹੋਵੇਗਾ ਚਲਾਨ:ਹਾਲਾਂਕਿ ਲੁਧਿਆਣਾ ਪੁਲਿਸ ਵੱਲੋਂ ਇਹ ਕਵਾਇਦ ਸਾਲ 2019 ਦੇ ਵਿੱਚ ਵੀ ਸ਼ੁਰੂ ਕੀਤੀ ਗਈ ਸੀ ਪਰ ਉਸ ਵੇਲੇ ਕਿਸੇ ਤਕਨੀਕੀ ਕਾਰਨਾਂ ਕਰਕੇ ਇਹ ਬਹੁਤੀ ਕਾਮਯਾਬ ਨਹੀਂ ਹੋ ਸਕੀ। ਹੁਣ ਮੁੜ ਤੋਂ ਇਸ ਨੂੰ ਹਾਈਟੈਕ ਬਣਾਇਆ ਜਾ ਰਿਹਾ ਹੈ ਕਿਉਂਕਿ ਸ਼ਹਿਰ ਦੇ ਵਿੱਚ 44 ਥਾਵਾਂ 'ਤੇ ਹਾਈਟੈਕ ਸਿਗਨਲ ਲਗਾਏ ਜਾ ਰਹੇ ਹਨ। ਜਿਸ ਦੀ ਸ਼ੁਰੂਆਤ ਲੁਧਿਆਣਾ ਦੇ ਮੁੱਖ ਚੌਂਕ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਦਾ ਭਾਰਤ ਨਗਰ ਚੌਂਕ, ਲੁਧਿਆਣਾ ਦਾ ਹੀਰੋ ਬੇਕਰੀ ਚੌਂਕ, ਲੁਧਿਆਣਾ ਦਾ ਦੁਰਗਾ ਮਾਤਾ ਮੰਦਿਰ, ਭਾਈ ਵਾਲਾ ਚੌਂਕ, ਮਾਲ ਰੋਡ, ਮਲਹਾਰ ਰੋਡ, ਸਮਰਾਲਾ ਚੌਂਕ ਆਦਿ ਚੌਂਕਾਂ ਦੇ ਵਿੱਚ ਇਹ ਕੈਮਰੇ ਅਤੇ ਨਵੇਂ ਸਿਗਨਲ ਲਗਾਏ ਜਾ ਰਹੇ ਹਨ। ਜਿਨਾਂ ਨੂੰ ਇਹਨਾਂ ਕੈਮਰਿਆਂ ਦੇ ਨਾਲ ਜੋੜਿਆ ਜਾਵੇਗਾ। ਇੰਨ੍ਹਾਂ ਦਾ ਕੰਟਰੋਲ ਰੂਮ ਲੁਧਿਆਣਾ ਦੇ ਪੁਲਿਸ ਲਾਈਨ ਵਿਖੇ ਹੋਵੇਗਾ, ਜਿੱਥੇ ਆਨਲਾਈਨ ਹੀ ਚਲਾਨ ਕੱਟ ਜਾਵੇਗਾ।
ਸਿੱਧਾ ਘਰ ਹੀ ਆਵੇਗਾ ਚਲਾਨ: ਇਹ ਜਾਣਕਾਰੀ ਏਸੀਪੀ ਟਰੈਫਿਕ ਲੁਧਿਆਣਾ ਚਿਰਨਜੀਵ ਲਾਂਬਾ ਨੇ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਹੈ, ਟਰੈਫਿਕ ਨਿਯਮਾਂ ਤੋਂ ਜਾਗਰੂਕ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਵੀ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜਲਦ ਹੀ ਇਹ ਸ਼ੁਰੂ ਹੋ ਜਾਵੇਗਾ। ਪਹਿਲੇ ਪੜਾਅ ਦੇ ਤਹਿਤ ਸਿਗਨਲ ਜੰਪ ਕਰਨ ਦੇ ਚਲਾਨ ਕੱਟੇ ਜਾਣਗੇ, ਉਸ ਤੋਂ ਬਾਅਦ ਅਗਲੇ ਚਲਾਨ ਵੀ ਫਿਰ ਈ ਚਲਾਨ ਰਾਹੀ ਕੱਟੇ ਜਾਣਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਸੜਕ ਹਾਦਸੇ ਹੁੰਦੇ ਹਨ ਅਤੇ ਸਭ ਤੋਂ ਜਿਆਦਾ ਮੌਤਾਂ ਹੁੰਦੀਆਂ ਹਨ, ਇਹ ਵੀ ਚਿੰਤਾ ਦਾ ਵਿਸ਼ਾ ਹੈ।
ਹਾਦਸੇ ਰੋਕਣ ਲਈ ਪੁਲਿਸ ਦੀ ਪਹਿਲ: ਏਸੀਪੀ ਟਰੈਫਿਕ ਲੁਧਿਆਣਾ ਚਿਰਨਜੀਵ ਲਾਂਬਾ ਨੇ ਕਿਹਾ ਕਿ ਅਸੀਂ ਇਸ ਸਬੰਧੀ ਲਗਾਤਾਰ ਬਲੈਕ ਸਪੋਟ ਖੋਜ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਦਰੁਸਤ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਰਿਆਂ ਦੀ ਜਾਨਾਂ ਕੀਮਤੀ ਹਨ ਅਤੇ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ। ਏਸੀਪੀ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਹਾਈਵੇ ਜਿਆਦਾ ਹੋਣ ਕਰਕੇ ਇੱਥੇ ਸੜਕ ਦੁਰਘਟਨਾਵਾਂ ਹੋਣ ਦਾ ਖਤਰਾ ਅਕਸਰ ਹੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਲੁਧਿਆਣਾ ਦੀ ਵਸੋਂ ਵੀ ਬਾਕੀ ਸ਼ਹਿਰਾਂ ਨਾਲੋਂ ਕਿਤੇ ਜ਼ਿਆਦਾ ਹੈ, ਇਸ ਕਰਕੇ ਟਰੈਫਿਕ ਵੀ ਜਿਆਦਾ ਹੈ ਜਿਸ ਨੂੰ ਕੰਟਰੋਲ ਕਰਨਾ ਵੱਡਾ ਚੈਲੰਜ ਹੈ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹੀ ਹੈ ਕਿ ਇਸ ਵਿੱਚ ਹੋਰ ਸੁਧਾਰ ਕੀਤਾ ਜਾਵੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।