ਬਰਨਾਲਾ: ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਅੱਜ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵਲੋਂ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ।
ਕੇਵਲ ਢਿੱਲੋਂ ਨੇ ਕੀਤਾ ਬਰਨਾਲੇ ਦਾ ਵਿਕਾਸ
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਬਰਨਾਲਾ ਦੇ ਬਹੁਤ ਵਧੀਆ ਲੀਡਰ ਹਨ। ਇਹਨਾਂ ਦੇ ਕਹਿਣ 'ਤੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ ਅਤੇ ਬਰਨਾਲਾ ਦੇ ਇਲਾਕੇ ਲਈ ਗ੍ਰਾਟਾਂ ਲਿਆ ਕੇ ਵਿਕਾਸ ਕਰਵਾਇਆ। ਜਿਸ ਕਰਕੇ ਇੱਥੋਂ ਦੇ ਲੋਕਾਂ ਨੂੰ ਬਰਨਾਲਾ ਦੇ ਭਲੇ ਲਈ ਕੇਵਲ ਸਿੰਘ ਢਿੱਲੋਂ ਦਾ ਸਾਥ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਂਅ 'ਤੇ ਸਰਕਾਰ ਬਣਾਈ ਸੀ, ਪਰ ਇਸ ਸਰਕਾਰ ਨੇ ਪੰਜਾਬ ਦਾ ਕੁੱਝ ਨਹੀਂ ਸੰਵਾਰਿਆ। ਸੂਬੇ ਵਿੱਚ ਅਮਨ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਹੈ, ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਤੇ ਲੁੱਟ ਖੋਹਾਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਦਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਝੋਨੇ ਦੀ ਫ਼ਸਲ ਵੀ ਨਹੀਂ ਖ਼ਰੀਦ ਸਕੀ ਸਰਕਾਰ
ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਬਣਨ ਤੋਂ ਪਹਿਲਾਂ 25 ਫ਼ਸਲਾਂ 'ਤੇ ਐਮਐਸਪੀ ਦੇਣ ਦੇ ਵਾਅਦੇ ਕਰਦਾ ਸੀ, ਪ੍ਰੰਤੂ ਹੁਣ ਕਿਸਾਨਾਂ ਦੀ ਝੋਨੇ ਦੀ ਫ਼ਸਲ ਵੀ ਨਹੀਂ ਖ਼ਰੀਦ ਰਹੇ। ਸਾਰੀ ਜਿੰਮੇਵਾਰੀ ਕੇਂਦਰ ਉਪਰ ਸੁੱਟੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਨੇ 92 ਵਿਧਾਇਕਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਪੰਜਾਬ ਸਰਕਾਰ ਦੀ ਆਪਣੀ ਵੀ ਕੋਈ ਜਿੰਮੇਵਾਰੀ ਬਣਦੀ ਹੈ। ਕੇਂਦਰ ਸਰਕਾਰ ਨੇ ਆਪਣੀ ਜਿੰਮੇਵਾਰੀ ਵਜੋਂ ਪੰਜਾਬ ਸਰਕਾਰ ਨੂੰ 44 ਹਜ਼ਾਰ ਕਰੋੜ ਰੁਪਏ ਝੋਨੇ ਦੀ ਫ਼ਸਲ ਲਈ ਜਾਰੀ ਕਰ ਦਿੱਤੇ ਹਨ, ਪ੍ਰੰਤੂ ਸਰਕਾਰ ਕਿਸਾਨਾਂ ਦੀ ਫ਼ਸਲ ਖ਼ਰੀਦਣ ਵਿੱਚ ਨਾਕਾਮ ਰਹੀ ਹੈ।

ਜ਼ਿਮਨੀ ਚੋਣਾਂ ਪੰਜਾਬ 'ਚ ਭਾਜਪਾ ਸਰਕਾਰ ਦਾ ਬੰਨ੍ਹੇਗੀ ਮੁੱਢ
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਪੰਜਾਬ ਤੇ ਦਿੱਲੀ ਨੂੰ ਛੱਡ ਕੇ ਸਾਰੇ ਦੇਸ਼ ਵਿੱਚ ਗੱਠਜੋੜ ਹੈ। ਪੰਜਾਬ ਵਿੱਚ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਹਨ। ਲੋਕਾਂ ਨੂੰ ਮੂਰਖ਼ ਬਣਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਭਲਾ ਬੀਜੇਪੀ ਸਰਕਾਰ ਦੇ ਰਾਜ ਵਿੱਚ ਹੀ ਹੈ। ਜਿਸ ਕਰਕੇ ਹੁਣ ਜ਼ਿਮਨੀ ਚੋਣਾਂ 2027 ਦੀ ਨੀਂਹ ਰੱਖਣਗੀਆਂ ਅਤੇ 2027 ਵਿੱਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ, ਜਿਸ ਕਰਕੇ ਬਰਨਾਲਾ ਦੇ ਲੋਕ ਕੇਵਲ ਸਿੰਘ ਢਿੱਲੋਂ ਨੂੰ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਿੱਚ ਯੋਗਦਾਨ ਪਾਉਣ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਵੀ ਆਪਣੇ ਕੰਮਾਂ ਦੇ ਆਧਾਰ 'ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।