ਪੰਜਾਬ

punjab

ETV Bharat / state

ਲੋਕ ਸਭਾ ਚੋਣਾਂ: ਕਾਂਗਰਸ ਦਾ ਮਹਿਲਾ ਵੋਟਰਾਂ ਨੂੰ ਭਰਮਾਉਣ ਲਈ ਵੱਡਾ ਦਾਅ, AAP ਨੇ ਵੀ ਦਿੱਤੀ ਸੀ ਗਰੰਟੀ ਪਰ ਨਹੀਂ ਹੋਈ ਪੂਰੀ, ਸੁਣੋ ਮਹਿਲਾਵਾਂ ਦੀ ਕੀ ਹੈ ਰਾਏ

Lok Sabha Elections: ਲੋਕ ਸਭਾ ਚੋਣਾਂ ਨੇੜੇ ਹਨ ਅਤੇ ਅਜਿਹੇ 'ਚ ਸਿਆਸੀ ਪਾਰਟੀਆਂ ਵੋਟਰਾਂ ਨੂੰ ਭਰਮਾਉਣ 'ਤੇ ਲੱਗੀਆਂ ਹੋਈਆਂ। ਉਥੇ ਹੀ ਬੀਤੇ ਦਿਨੀਂ ਕਾਂਗਰਸ ਵਲੋਂ ਮਹਿਲਾਵਾਂ ਲਈ ਕੀਤੇ ਗਏ ਐਲਾਨ ਨੂੰ ਲੈਕੇ ਸਿਆਸੀ ਵਿਰੋਧੀਆਂ ਨੇ ਨਿਸ਼ਾਨੇ ਵੀ ਸਾਧੇ ਹਨ।

ਮਹਿਲਾ ਵੋਟਰਾਂ ਨੂੰ ਭਰਮਾਉਣ ਲਈ ਵੱਡਾ ਦਾਅ
ਮਹਿਲਾ ਵੋਟਰਾਂ ਨੂੰ ਭਰਮਾਉਣ ਲਈ ਵੱਡਾ ਦਾਅ

By ETV Bharat Punjabi Team

Published : Mar 15, 2024, 8:41 AM IST

ਮਹਿਲਾ ਵੋਟਰਾਂ ਨੂੰ ਭਰਮਾਉਣ ਲਈ ਵੱਡਾ ਦਾਅ

ਲੁਧਿਆਣਾ:ਲੋਕ ਸਭਾ ਚੋਣਾਂ ਆਉਂਦਿਆਂ ਹੀ ਵਾਅਦਿਆਂ ਅਤੇ ਦਾਅਵਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਅਤੇ ਦਾਅਵਿਆਂ ਤੋਂ ਉੱਪਰ ਉੱਠ ਕੇ ਗਰੰਟੀਆਂ ਦੇਣੀਆਂ ਸ਼ੁਰੂ ਕੀਤੀਆਂ ਸਨ ਅਤੇ ਹੁਣ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਵਾਅਦੇ ਕਰਨ ਦੀ ਥਾਂ 'ਤੇ ਗਰੰਟੀਆਂ ਦੇ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਲਈ ਵਾਅਦਾ ਕੀਤਾ ਸੀ ਕਿ 1000 ਰੁਪਏ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਭੱਤਾ ਦਿੱਤਾ ਜਾਵੇਗਾ, ਹਾਲਾਂਕਿ ਹਾਲੇ ਤੱਕ ਦੋ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਉਹ ਗਰੰਟੀ ਪੂਰੀ ਨਹੀਂ ਹੋਈ।

ਕਾਂਗਰਸ ਵੱਲੋਂ ਮਹਿਲਾਵਾਂ ਲਈ ਐਲਾਨ: ਉੱਥੇ ਹੀ ਬੀਤੇ ਦਿਨੀਂ ਕਾਂਗਰਸ ਵੱਲੋਂ ਮਹਿਲਾਵਾਂ ਦੇ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਨਾਰੀ ਨਿਆਏ ਗਰੰਟੀ ਦੀ ਕਾਂਗਰਸ ਨੇ ਸ਼ੁਰੂਆਤ ਕੀਤੀ ਹੈ। ਕਾਂਗਰਸ ਨੇ ਗਰੀਬ ਮਹਿਲਾਵਾਂ, ਆਸ਼ਾ ਵਰਕਰ, ਆਂਗਣਵਾੜੀ ਅਤੇ ਮਿਡ ਡੇ ਮੀਲ ਯੋਜਨਾ ਦੇ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੇ ਲਈ ਇਹ ਸਕੀਮ ਬਣਾਈ ਹੈ। ਜਿਸ 'ਚ ਕਿਹਾ ਗਿਆ ਹੈ ਕਿ ਕਾਂਗਰਸ ਗਰੀਬ ਪਰਿਵਾਰ ਦੀਆਂ ਮਹਿਲਾਵਾਂ ਨੂੰ ਆਰਥਿਕ ਰੂਪ ਦੇ ਵਿੱਚ ਮਜਬੂਤ ਕਰਨ ਦੇ ਲਈ ਇੱਕ ਮਹਿਲਾ ਨੂੰ ਸਲਾਨਾ ਇਕ ਲੱਖ ਰੁਪਏ ਦੇਵੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਸਾਰੀਆਂ ਨਵੀਆਂ ਭਰਤੀਆਂ ਦੇ ਵਿੱਚ 50 ਫੀਸਦੀ ਮਹਿਲਾਵਾਂ ਲਈ ਰਾਖਵਾਂਕਰਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕੰਮਕਾਰ ਕਰਨ ਵਾਲੀਆਂ ਮਹਿਲਾਵਾਂ ਦੇ ਲਈ ਹੋਸਟਲ ਦੀ ਗਿਣਤੀ ਦੁਗਣੀ ਕਰਨ ਅਤੇ ਹਰ ਇੱਕ ਜਿਲ੍ਹੇ ਦੇ ਵਿੱਚ ਘੱਟੋ ਘੱਟ ਇੱਕ ਹੋਸਟਲ ਬਣਾਉਣ ਦਾ ਵਾਅਦਾ ਕੀਤਾ ਹੈ।

ਆਪ ਨੇ ਚੁੱਕੇ ਸਵਾਲ:ਇਸ ਸੰਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਹਾਲੇ ਕਾਂਗਰਸ ਦੀ ਸਰਕਾਰ ਨਹੀਂ ਬਣੀ ਹੈ। ਉਹਨਾਂ ਕਿਹਾ ਕਿ ਕਾਂਗਰਸ ਮੁਗੇਰੀ ਲਾਲ ਦੇ ਸਪਨੇ ਲੈ ਰਹੀ ਹੈ। ਉਹਨਾਂ ਕਿਹਾ ਕਿ ਗਰੰਟੀ ਸ਼ਬਦ ਵੀ ਸਾਡਾ ਹੀ ਉਹਨਾਂ ਵੱਲੋਂ ਚੋਰੀ ਕੀਤਾ ਗਿਆ ਹੈ। ਇਹ ਸ਼ਬਦ ਅਸੀਂ ਇਸਤੇਮਾਲ ਕੀਤਾ ਸੀ ਅਤੇ ਹੁਣ ਸਾਰੀ ਹੀ ਸਿਆਸੀ ਪਾਰਟੀਆਂ ਇਹ ਸ਼ਬਦ ਵਰਤ ਰਹੀਆਂ ਹਨ। ਉਹਨਾਂ ਕਿਹਾ ਕਿ ਜੋ ਅਸੀਂ ਵਾਅਦੇ ਕੀਤੇ ਉਹ ਪੂਰੇ ਕੀਤੇ। ਹਾਲਾਂਕਿ ਜਦੋਂ ਉਹਨਾਂ ਨੂੰ 1000 ਪ੍ਰਤੀ ਮਹੀਨਾ ਮਹਿਲਾਵਾਂ ਨੂੰ ਦੇਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਉਹ ਪੂਰਾ ਨਹੀਂ ਕੀਤਾ ਪਰ ਬਾਕੀ ਵਾਅਦੇ ਪੂਰੇ ਕੀਤੇ ਹਨ। ਉਹਨਾਂ ਕਿਹਾ ਕਿ ਹੁਣ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ, ਜੋ ਕਿ ਪਹਿਲਾਂ 2 ਤੋਂ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਆ ਰਿਹਾ ਸੀ।

ਭਾਜਪਾ ਨੇ ਕੀਤਾ ਸੀ ਵਾਅਦਾ:ਇੱਕ ਪਾਸੇ ਜਿੱਥੇ ਕਾਂਗਰਸ ਗਰੀਬ ਮਹਿਲਾਵਾਂ ਨੂੰ ਇਕ ਲੱਖ ਰੁਪਏ ਸਲਾਨਾ ਦੇਣ ਦੀ ਗੱਲ ਕਹਿ ਰਹੀ ਹੈ, ਉੱਥੇ ਹੀ ਦੂਜੇ ਪਾਸੇ ਭਾਜਪਾ ਨੇ ਵੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹਰ ਕਿਸੇ ਦੇ ਖਾਤੇ ਦੇ ਵਿੱਚ 15 ਲੱਖ ਰੁਪਏ ਆਉਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਸੀ ਕਿ ਕਾਲਾ ਧਨ ਭਾਰਤ ਲਿਆਂਦਾ ਜਾਵੇਗਾ, ਜਿਸ ਨਾਲ ਹਰ ਕਿਸੇ ਦੇ ਖਾਤੇ ਦੇ ਵਿੱਚ 15 ਲੱਖ ਰੁਪਏ ਤੱਕ ਆਉਣਗੇ। ਇੱਥੋਂ ਤੱਕ ਕਿ ਜਨ ਧਨ ਯੋਜਨਾ ਦੇ ਤਹਿਤ ਮਹਿਲਾਵਾਂ ਦੇ ਖਾਤੇ ਵੀ ਵੱਡੇ ਪੱਧਰ 'ਤੇ ਦੇਸ਼ ਭਰ ਦੇ ਅੰਦਰ ਖੋਲੇ ਗਏ ਸਨ ਪਰ ਬਾਅਦ ਦੇ ਵਿੱਚ 15 ਲੱਖ ਰੁਪਏ ਨਹੀਂ ਆਏ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਵੀ ਖੜੇ ਕੀਤੇ ਸੀ। ਹਾਲਾਂਕਿ ਇਸ ਸਬੰਧੀ ਜਦੋਂ ਲੁਧਿਆਣਾ ਤੋਂ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਬਾਕੀ ਪਾਰਟੀਆਂ ਦੇ ਵਾਂਗ ਗਰੰਟੀਆਂ ਅਤੇ ਲਾਰੇ ਨਹੀਂ ਲਾਉਂਦੇ, ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੋ ਕੁਝ ਕਿਹਾ ਹੈ ਉਹ ਕੀਤਾ ਵੀ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਦੇ ਲਈ ਉੱਜਵਲਾ ਯੋਜਨਾ ਸ਼ੁਰੂ ਕੀਤੀ, ਜਿਸ ਦਾ ਦੇਸ਼ ਦੀਆਂ ਲੱਖਾਂ ਮਹਿਲਾਵਾਂ ਨੇ ਫਾਇਦਾ ਲਿਆ। ਉਹਨਾਂ ਕਿਹਾ ਕਿ ਅਸੀਂ ਦਾਅਵੇ ਵਾਅਦੇ ਕਰਨ ਨਾਲੋਂ ਕੰਮ ਕਰਨ ਦੇ ਵਿੱਚ ਜਿਆਦਾ ਵਿਸ਼ਵਾਸ ਕਰਦੇ ਹਾਂ।

ਮਹਿਲਾਵਾਂ ਦਾ ਪੱਖ: ਹਾਲਾਂਕਿ ਇਸ ਸਬੰਧੀ ਜਦੋਂ ਮਹਿਲਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਹੁਣ ਰਾਜਨੀਤਿਕ ਪਾਰਟੀਆਂ ਦੀਆਂ ਗੱਲਾਂ ਦੇ ਵਿੱਚ ਆਉਣ ਵਾਲੀਆਂ ਨਹੀਂ ਹਨ। ਉਹਨਾਂ ਨੇ ਕਿਹਾ ਕਿ ਮਹਿਲਾਵਾਂ ਪੜੀਆਂ ਲਿਖੀਆਂ ਹਨ ਪਰ ਮਹਿਲਾਵਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਮਹਿਲਾਵਾਂ ਨੇ ਕਿਹਾ ਕਿ ਅਸੀਂ ਮੁਫਤ ਦੇ ਵਿੱਚ ਪੈਸੇ ਨਹੀਂ ਚਾਹੁੰਦੀਆਂ, ਸਾਨੂੰ ਰੁਜ਼ਗਾਰ ਦਿੱਤਾ ਜਾਵੇ, ਸਾਨੂੰ ਕੰਮ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਅੱਜ ਵੀ ਨੌਕਰੀਆਂ ਲਈ ਸਿਫਾਰਿਸ਼ ਚਲਦੀ ਹੈ। ਬਿਨਾਂ ਸਿਫਾਰਿਸ਼ ਤੋਂ ਨੌਕਰੀ ਨਹੀਂ ਮਿਲਦੀ, ਪੜ੍ਹੀਆਂ ਲਿਖੀਆਂ ਮਹਿਲਾਵਾਂ ਬੇਰੁਜ਼ਗਾਰ ਹਨ, ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਨਸ਼ਾ ਬਣਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੱਸ ਦਾ ਸਫ਼ਰ ਜ਼ਰੂਰ ਸਰਕਾਰ ਵੱਲੋਂ ਮੁਫਤ ਦਿੱਤਾ ਜਾਂਦਾ ਹੈ ਪਰ ਬੱਸਾਂ ਵਾਲੇ ਸਾਡੇ ਨਾਲ ਬਦਸਲੂਕੀ ਕਰਦੇ ਹਨ। ਉਹਨਾਂ ਨੇ ਕਿਹਾ ਕਿ ਮਹਿਲਾਵਾਂ ਲਈ ਅੱਧਾ ਕਿਰਾਇਆ ਹੋਣਾ ਚਾਹੀਦਾ ਹੈ ਤਾਂ ਜੋ ਉਹ ਵੀ ਸ਼ਾਨ ਦੇ ਨਾਲ ਸਫਰ ਕਰ ਸਕਣ। ਮਹਿਲਾਵਾਂ ਨੇ ਸਾਫ ਤੌਰ 'ਤੇ ਕਿਹਾ ਕਿ ਉਹ ਇਸ ਵਾਰ ਰਾਜਨੀਤਿਕ ਪਾਰਟੀਆਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣ ਵਾਲੇ ਹਨ।

ABOUT THE AUTHOR

...view details