Raja Waring vision document (ETV BHARAT) ਲੁਧਿਆਣਾ:ਜਿਥੇ ਚੋਣਾਂ 'ਚ ਲੀਡਰਾਂ ਵਲੋਂ ਪ੍ਰਚਾਰ ਸਿਖਰਾਂ 'ਤੇ ਹੈ ਤਾਂ ਉਥੇ ਹੀ ਲੁਧਿਆਣੇ ਦੇ ਵਿੱਚ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪੋ-ਆਪਣੀ ਪਾਰਟੀ ਦੇ ਲੋਕ ਸਭਾ ਸੀਟ ਦੇ ਲਈ ਵਿਜ਼ਨ ਡਾਕੂਮੈਂਟ ਪੇਸ਼ ਕੀਤੇ ਜਾ ਰਹੇ ਹਨ। ਅੱਜ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੁਧਿਆਣਾ ਦੀ ਸਾਰੀ ਕਾਂਗਰਸ ਲੀਡਰਸ਼ਿਪ ਦੀ ਮੌਜੂਦਗੀ ਦੇ ਵਿੱਚ ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਗਿਆ। ਇਸ ਨੂੰ ਉਨ੍ਹਾਂ ਨੇ ਡਰਾਈਵ ਇਟ ਨਾਂ ਦੇ ਨਾਲ ਜਾਰੀ ਕੀਤਾ। ਜਿਸ ਵਿੱਚ ਲੁਧਿਆਣਾ ਦੀ ਇੰਡਸਟਰੀ, ਸਿੱਖਿਆ, ਸਿਹਤ, ਵਾਤਾਵਰਨ, ਟਰੈਫਿਕ ਅਤੇ ਹੋਰ ਕਈ ਗੰਭੀਰ ਮੁੱਦਿਆਂ ਨੂੰ ਲੈ ਕੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਨੇੜੇ-ਤੇੜੇ ਦੇ ਸ਼ਹਿਰਾਂ ਲਈ ਲੋਕਲ ਟ੍ਰੇਨਾਂ ਰੂਟਾਂ ਦੇ ਵਿੱਚ ਵਾਧਾ।
ਮੁੱਢਲੀਆਂ ਸਹੂਲਤਾਂ ਤੋਂ ਲੁਧਿਆਣਾ ਵਾਂਝਾ: ਉਹਨਾਂ ਦੱਸਿਆ ਕਿ ਲੁਧਿਆਣਾ ਦੇ ਲੋਕਾਂ ਲਈ ਉਹ ਇੱਕ ਵਿਜਨ ਲੈ ਕੇ ਆਏ ਹਨ ਅਤੇ ਉਸ ਵਿਜ਼ਨ ਦੇ ਮੁਤਾਬਕ ਹੀ ਉਹ ਕੰਮ ਕਰਨਗੇ। ਉਹਨਾਂ ਕਿਹਾ ਕਿ ਲੁਧਿਆਣੇ ਨੂੰ ਪੀਜੀਆਈ ਵਰਗਾ ਹਸਪਤਾਲ ਦੇਣ ਦੀ ਲੋੜ ਹੈ ਜਾਂ ਏਮਸ ਵਰਗਾ ਹਸਪਤਾਲ ਬਣਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿਹਤ ਸੁਵਿਧਾਵਾਂ ਦੇ ਨਾਲ ਮੁੱਢਲੀਆਂ ਸਹੂਲਤਾਂ ਤੋਂ ਵੀ ਲੁਧਿਆਣਾ ਵਾਂਝਾ ਹੈ। ਟਰੈਫਿਕ ਦੀ ਵੱਡੀ ਸਮੱਸਿਆ ਹੈ, ਇਸ ਤੋਂ ਇਲਾਵਾ ਲੋਕਲ ਟ੍ਰੇਨਾਂ ਦੀ ਵੱਡੀ ਦਿੱਕਤ ਹੈ, ਲੋਕਲ ਯਾਤਰਾ ਪਬਲਿਕ ਟਰਾਂਸਪੋਰਟ ਦੀ ਗੱਲ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਈ ਅਜਿਹੇ ਇਲਾਕੇ ਹਨ ਜਿੱਥੇ ਹਾਲੇ ਵੀ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਬੱਸ ਨਹੀਂ ਜਾਂਦੀ।
ਲੋਕਾਂ ਦੇ ਸੁਝਾਅ ਨਾਲ ਬਣਿਆ ਵਿਜ਼ਨ ਡਾਕੂਮੈਂਟ:ਇਸ ਦੌਰਾਨ ਰਾਜਾ ਵੜਿੰਗ ਨੇ ਆਪਣੇ ਵਿਜ਼ਨ ਡਾਕੂਮੈਂਟ ਬਾਰੇ ਵਿਚਾਰ ਸਾਂਝੇ ਕਰਦੇ ਕੋਈ ਕਿਹਾ ਕਿ ਅਸੀਂ ਲੁਧਿਆਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਪਹਿਲਾਂ ਜਾਣੂ ਹੋਏ ਹਾਂ, ਉਸ ਤੋਂ ਬਾਅਦ ਆਪਣਾ ਵਿਜ਼ਨ ਡਾਕੂਮੈਂਟ ਬਣਾਇਆ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਸੁਝਾਅ, ਉਹਨਾਂ ਦੀ ਪਾਰਟੀ ਦਾ ਵਿਜ਼ਨ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਸ਼ਵਾਸ ਇਸ ਵਿਜ਼ਨ ਡਾਕੂਮੈਂਟ ਦੇ ਵਿੱਚ ਹੈ। ਉਹਨਾਂ ਕਿਹਾ ਕਿ ਐਗਰੀਮੈਂਟ ਦੀ ਕਾਪੀ ਮੀਡੀਆ ਦੇ ਨਾਲ ਸ਼ੇਅਰ ਕੀਤੀ ਜਾਵੇਗੀ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਹੋਰਨਾਂ ਮੁੱਦਿਆਂ 'ਤੇ ਗੱਲਬਾਤ ਕਰਦੇ ਹੋਏ ਵੀ ਆਪਣੇ ਵਿਰੋਧੀਆਂ 'ਤੇ ਸਵਾਲ ਖੜੇ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਵਾਤੀ ਮਾਲੀਵਾਲ ਦੇ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਹੈ ਉਹ ਨਿੰਦਣਯੋਗ ਹੈ।
ਬਿੱਟੂ ਨੇ ਦਸ ਸਾਲਾਂ 'ਚ ਨਹੀਂ ਕੀਤਾ ਕੁਝ: ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਸਾਡਾ ਵਿਜ਼ਨ ਡਾਕੂਮੈਂਟ ਸੁਣਨ ਤੋਂ ਬਾਅਦ ਆਪਣਾ ਵੀ ਵਿਜ਼ਨ ਡਾਕੂਮੈਂਟ ਪੇਸ਼ ਕਰਨ ਦਾ ਐਲਾਨ ਕਰ ਦਿੱਤਾ। ਜਦੋਂ ਕਿ ਪਿਛਲੇ 10 ਸਾਲਾਂ ਦੇ ਵਿੱਚ ਰਵਨੀਤ ਬਿੱਟੂ ਨੇ ਕੋਈ ਵਿਜ਼ਨ ਡਾਕੂਮੈਂਟ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਿੱਟੂ ਨੇ ਨਾ ਹੀ ਕੋਈ ਲੁਧਿਆਣਾ ਦੀ ਤਰੱਕੀ ਦੀ, ਲੁਧਿਆਣਾ ਦੇ ਵਿਕਾਸ ਦੀ, ਲੁਧਿਆਣਾ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ, ਲੁਧਿਆਣਾ ਦੇ ਵਿੱਚ ਕੋਈ ਵੱਡਾ ਹਸਪਤਾਲ ਦੇਣ ਦੀ ਕਦੇ ਗੱਲ ਕੀਤੀ ਹੈ। ਉਹਨਾਂ ਕਿਹਾ ਕਿ 10 ਸਾਲ ਦੇ ਵਿੱਚ ਜੇਕਰ ਰਵਨੀਤ ਬਿੱਟੂ ਨੇ ਕੋਈ ਕੰਮ ਕੀਤੇ ਹੁੰਦੇ ਤਾਂ ਉਹ ਜ਼ਰੂਰ ਗੱਲ ਕਰਦੇ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਇਹ ਕਹਿ ਰਹੇ ਨੇ ਕਿ ਉਹ ਆਉਣ ਵਾਲੇ ਪੰਜ ਸਾਲਾਂ ਦੇ ਵਿੱਚ ਕੀ ਕਰਨਗੇ ਪਰ ਪਿਛਲੇ 10 ਸਾਲਾਂ ਵਿੱਚ ਕੀ ਕੀਤਾ ਇਸ ਦਾ ਬਿਊਰਾ ਕਿਉਂ ਨਹੀਂ ਦੇ ਰਹੇ ਹਨ।