ਬਠਿੰਡਾ :ਇਨੀਂ ਦਿਨੀਂ ਪੰਜਾਬ ਵਿੱਚ ਸਿਆਸੀ ਮਾਹੌਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਜਿੱਥੇ ਸਿਆਸੀ ਪਾਰਟੀਆਂ ਵੱਲੋਂ ਜੰਗੀ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਆਪਣੇ ਆਪਣੇ ਮੁੱਦੇ ਲੈ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਬਠਿੰਡਾ ਦੇ ਪਿੰਡ ਸ਼ੇਰਗੜ੍ਹ ਦੀ ਸੱਥ ਜਾ ਕੇ ਜਦੋਂ ਸੱਥ ਵਿੱਚ ਬੈਠੇ ਬਜ਼ੁਰਗ ਅਤੇ ਨੌਜਵਾਨਾਂ ਤੋਂ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਜਦੋਂ ਵਿਚਾਰ ਚਰਚਾ ਕੀਤੀ ਗਈ, ਤਾਂ ਇਹ ਗੱਲ ਸਾਹਮਣੇ ਆਈ ਕਿ ਸੱਥਾਂ ਵਿੱਚ ਬੈਠੇ ਲੋਕ ਦਲ ਬਦਲੂ ਸਿਆਸਤਦਾਨਾਂ ਤੋਂ ਬੜੇ ਪਰੇਸ਼ਾਨ ਨਜ਼ਰ ਆ ਰਹੇ ਹਨ।
ਲੋਕਾਂ ਨੂੰ ਲੀਡਰਾਂ 'ਤੇ ਨਹੀਂ ਰਿਹਾ ਭਰੋਸਾ: ਪਿੰਡ ਸ਼ੇਰਗੜ੍ਹ ਦੀ ਸੱਥ ਵਿੱਚ ਬੈਠੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਵੋਟਾਂ ਨੂੰ ਲੈ ਕੇ ਕੀ ਫੈਸਲਾ ਕਰੀਏ, ਇਹ ਨਹੀਂ ਪਤਾ ਵੀ ਸਵੇਰ ਨੂੰ ਕਿਹੜਾ ਲੀਡਰ ਕਿਹੜੀ ਪਾਰਟੀ ਵਿੱਚ ਹੋਵੇਗਾ ਅਤੇ ਕੌਣ ਲੀਡਰ ਕਿਹੜੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹੋਵੇਗਾ। ਇਸ ਲਈ ਇਨ੍ਹਾਂ ਚੋਣਾਂ ਦਾ ਕੋਈ ਵੱਡਾ ਮੰਤਵ ਨਜ਼ਰ ਨਹੀਂ ਆ ਰਿਹਾ, ਕਿਉਂਕਿ ਲੋਕ ਵੀ ਹੁਣ ਇਨ੍ਹਾਂ ਲੀਡਰਾਂ ਵਰਗੇ ਹੋ ਗਏ ਹਨ। ਉਹ ਵੀ ਆਪਣੇ ਦਿਲ ਦਾ ਭੇਦ ਨਹੀਂ ਦੇ ਰਹੇ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਲੋਕ ਮੁੱਦੇ ਖ਼ਤਮ ਹੋ ਚੁੱਕੇ ਹਨ ਅਤੇ ਉਮੀਦਵਾਰਾਂ ਵੱਲੋਂ ਇੱਕ ਦੂਜੇ ਉੱਪਰ ਨਿੱਜੀ ਹਮਲੇ ਕੀਤੇ ਜਾ ਰਹੇ ਹਨ, ਜੋ ਕਿ ਸਰਾਸਰ ਗ਼ਲਤ ਹੈ। ਕੋਈ ਵੀ ਉਮੀਦਵਾਰ ਲੋਕ ਮੁੱਦੇ ਵਿਸਾਰ ਕੇ ਚੋਣਾਂ ਨਹੀਂ ਜਿੱਤ ਸਕਦਾ।