ਮਾਨਸਾ:ਸਰਬੱਤ ਦਾ ਭਲਾ ਟਰੱਸਟ ਵੱਲੋਂ ਜਾਰਜੀਆ ਹਾਦਸੇ ਦਾ ਸ਼ਿਕਾਰ ਹੋਏ ਪੰਜਾਬ ਦੇ ਨੌਜਵਾਨਾਂ ਦੀ ਬਾਂਹ ਫੜੀ ਗਈ ਹੈ। ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਐਸਪੀ ਸਿੰਘ ਓਬਰਾਏ ਵੱਲੋਂ ਅੱਜ ਮਾਨਸਾ ਜਿਲ੍ਹੇ ਦੇ ਪਿੰਡ ਝੰਡਾ ਕਲਾਂ ਅਤੇ ਖੋਖਰ ਖੁਰਦ ਵਿਖੇ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਟਰੱਸਟ ਵੱਲੋਂ ਪਰਿਵਾਰਾਂ ਨੂੰ ਲਾਈਫ ਟਾਈਮ ਪੈਨਸ਼ਨ ਦੇਣ ਦਾ ਵਾਅਦਾ ਕਰਨ ਦੇ ਨਾਲ ਸਹਾਇਤਾ ਰਾਸ਼ੀ ਚੈੱਕ ਵੀ ਭੇਂਟ ਕੀਤੇ ਗਏ ਹਨ।
ਜਾਰਜੀਆ ਹਾਦਸੇ ਦੇ ਨੌਜਵਾਨਾਂ ਦੇ ਪਰਿਵਾਰਾਂ ਲਈ ਸਹਾਇਤਾ (ETV Bharat) 5000 ਮਹੀਨਾ ਪੈਨਸ਼ਨ,ਮੁਫਤ ਪੜਾਈ ਅਤੇ 2 ਲੱਖ ਦੀ ਐੱਫਡੀ
ਪਿਛਲੇ ਦਿਨ੍ਹੀਂ ਜਾਰਜੀਆ ਦੇ ਵਿੱਚ ਗੈਸ ਲੀਕ ਹੋਣ ਦੇ ਕਾਰਨ 12 ਦੇ ਕਰੀਬ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿੰਨ੍ਹਾਂ ਵਿੱਚ 11 ਨੌਜਵਾਨ ਪੰਜਾਬ ਨਾਲ ਸਬੰਧਿਤ ਸਨ। ਉਨ੍ਹਾਂ ਨੌਜਵਾਨਾਂ ਵਿੱਚੋਂ ਦੋ ਮਾਨਸਾ ਜ਼ਿਲ੍ਹਾ ਸਰਦੂਲਗੜ੍ਹ ਹਲਕੇ ਨਾਲ ਸਬੰਧਿਤ ਪਿੰਡ ਖੋਖਰ ਖੁਰਦ ਦੇ ਸਨ। ਜਿਨ੍ਹਾਂ ਵਿੱਚ ਹਰਵਿੰਦਰ ਸਿੰਘ ਅਤੇ ਝੰਡਾ ਕਲਾਂ ਦੀ ਲੜਕੀ ਮਨਜਿੰਦਰ ਕੌਰ ਸ਼ਾਮਿਲ ਸੀ। ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਅੱਜ ਸਰਬੱਤ ਦਾ ਭਲਾ ਟਰਸਟ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਐਸਪੀ ਸਿੰਘ ਓਬਰਾਏ, ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਜਿੱਥੇ ਐਸਪੀ ਓਬਰਾਏ ਸਿੰਘ ਵੱਲੋਂ ਝੰਡਾ ਕਲਾਂ ਦੀ ਲੜਕੀ ਮਨਜਿੰਦਰ ਕੌਰ ਦੇ ਪਰਿਵਾਰ ਨੂੰ ਹਰ ਮਹੀਨੇ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ। ਉੱਥੇ ਹੀ ਪਿੰਡ ਖੋਖਰ ਖੁਰਦ ਦੇ ਹਰਵਿੰਦਰ ਸਿੰਘ ਦੇ ਪਰਿਵਾਰ ਦੀ 5000 ਮਹੀਨਾ ਪੈਨਸ਼ਨ ਅਤੇ ਲੜਕੀ ਦੀ ਪੜਾਈ ਲਈ 2 ਲੱਖ ਰੁਪਏ ਦੀ ਐਫਡੀ ਕਰਵਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ।
ਇਸ ਦੌਰਾਨ ਐਸਪੀ ਸਿੰਘ ਓਬਰਾਏ ਨੇ ਕਿਹਾ ਕਿ ਜਾਰਜੀਆ ਦੀ ਘਟਨਾ ਬਹੁਤ ਹੀ ਦੁਖਦਾਇਕ ਸੀ। ਜਿਸ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਮੌਤ ਹੋ ਗਈ ਸੀ। ਜਿੰਨਾਂ ਵਿੱਚ ਪੰਜਾਬ ਦੇ ਜਲੰਧਰ, ਮੋਗਾ, ਤਰਨ ਤਾਰਨ, ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਸ਼ਾਮਿਲ ਸਨ। ਉਹਨਾਂ ਕਿਹਾ ਕਿ ਜਿੱਥੇ ਉਹਨਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਨੌਜਵਾਨਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਹੈ ਅਤੇ ਉਹਨਾਂ ਦੀ ਲਾਈਫ ਟਾਈਮ ਪੈਨਸ਼ਨ ਦੇ ਨਾਲ ਕਈ ਪਰਿਵਾਰਾਂ ਦੇ ਘਰ ਬਣਾ ਕੇ ਦੇਣ ਦਾ ਵੀ ਵਾਅਦਾ ਕੀਤਾ ਹੈ। ਉੱਥੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਅਤੇ ਝੰਡਾ ਕਲਾਂ ਦੇ ਪਰਿਵਾਰਾਂ ਨੂੰ ਵੀ ਸਰਬੱਤ ਦਾ ਭਲਾ ਟਰਸਟ ਵੱਲੋਂ ਲਾਈਫ ਟਾਈਮ ਪੈਨਸ਼ਨ ਦਿੱਤੀ ਜਾਵੇਗੀ ਅਤੇ ਖੋਖਰ ਖੁਰਦ ਦੇ ਨੌਜਵਾਨ ਦੀ ਕੁਆਰੀ ਭੈਣ ਦੇ ਲਈ ਵੀ ਟਰੱਸਟ ਵੱਲੋਂ 2 ਲੱਖ ਰੁਪਏ ਦੀ ਐਫਡੀ ਦਿੱਤੀ ਜਾਵੇਗੀ।