ਚੰਡੀਗੜ੍ਹ: ਬੀਤੇ ਦਿਨ ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ਉੱਤੇ ਉਸ ਵੇਲ੍ਹੇ ਹੰਗਾਮਾ ਹੋ ਗਿਆ, ਜਦੋਂ ਦਿੱਲੀ ਜਾਣ ਤੋਂ ਪਹਿਲਾਂ ਸਕਿਓਰਿਟੀ ਚੈਕ ਸਮੇਂ ਕੰਗਨਾ ਰਣੌਤ ਦੇ ਸੀਆਈਐਸਐਫ ਮਹਿਲਾ ਜਵਾਨ ਨੇ ਉਸ ਦੇ ਥੱਪੜ ਮਾਰ ਦਿੱਤਾ। ਇਸ ਬਾਅਦ ਅਜੇ ਤੱਕ ਇਹ ਇਹ ਮਾਮਲਾ ਤੂਲ ਫੜ੍ਹਦਾ ਨਜ਼ਰ ਆ ਰਿਹਾ ਹੈ।
ਕੁਲਵਿੰਦਰ ਕੌਰ ਚੰਡੀਗੜ੍ਹ ਏਅਰਪੋਰਟ ਉੱਤੇ ਤਾਇਨਾਤ ਸੀ: ਦਰਅਸਲ, ਕੁਲਵਿੰਦਰ ਕੌਰ ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਸੰਬੰਧਿਤ ਹੈ ਅਤੇ ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਬੰਧਕ ਸੈਕਟਰੀ ਹੈ। ਉਸ ਦਾ ਪਤੀ ਵੀ ਕੇਂਦਰੀ ਸੁਰੱਖਿਆ ਦਸਤਿਆਂ 'ਚ ਤੈਨਾਤ ਹੈ। ਕੁਲਵਿੰਦਰ ਕੌਰ ਦੇ 2 ਬੱਚੇ ਹਨ, ਲਗਭਗ 10 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ। ਉਸ ਦੇ ਪਤੀ ਦੀ ਪੋਸਟਿੰਗ ਸਰਹੱਦ ਉੱਤੇ ਦੱਸੀ ਜਾ ਰਹੀ ਹੈ। ਪਿਛਲੇ 2 ਸਾਲ ਤੋਂ ਕੁਲਵਿੰਦਰ ਕੌਰ ਚੰਡੀਗੜ੍ਹ ਏਅਰਪੋਰਟ ਉੱਤੇ ਤੈਨਾਤ ਸੀ ਅਤੇ ਕੱਲ੍ਹ ਦੇ ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਸੀਆਈਐਸਐਫ ਵੱਲੋਂ ਮੁੱਅਤਲ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।