ਫਰੀਦਕੋਟ: ਹਰ ਇੱਕ ਨੂੰ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਕੋਟਕਪੂਰਾ ਗੋਲੀਕਾਂਡ 'ਚ ਇਨਸਾਫ਼ ਮਿਲੇਗਾ। ਹੁਣ ਇੱਕ ਵਾਰ ਮੁੜ ਤੋਂ ਸਿੱਖ ਕੌਮ ਨੂੰ ਉਮੀਦ ਜਾਗੀ ਹੈ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦ ਹੀ ਆਪਣੇ ਕੀਤੇ ਦੀ ਸਜ਼ਾ ਮਿਲੇਗੀ। ਦਰਅਸਲ ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲ਼ੀਕਾਂਡ ਮਾਮਲੇ ਦੀ ਸੁਣਵਾਈ ਮੁੜ ਤੋਂ ਫਰੀਦਕੋਟ ਅਦਾਲਤ ਵੱਲੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅਦਾਲਤ ਦੇ ਫੈਸਲੇ 'ਤੇ ਖੁਸ਼ੀ
ਤੁਹਾਨੂੰ ਦੱਸ ਦਈਏ ਜਿਵੇਂ ਹੀ ਅਦਾਲਤ ਵੱਲੋਂ ਮੁੜ ਸੁਣਵਾਈ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਤਾਂ ਕੋਟਕਪੂਰਾ ਗੋਲੀਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਨੇ ਫਰੀਦਕੋਟ ਅਦਾਲਤ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਇੱਕ ਵੀਡੀਓ ਰਾਹੀਂ ਉਸ ਵੱਲੋਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਗਿਆ ਕਿ ਜੋ ਮਾਣਯੋਗ ਅਦਾਲਤ ਵੱਲੋਂ ਇੱਕ ਫੈਸਲਾ ਲੈਂਦੇ ਹੋਏ ਕੋਟਕਪੂਰਾ ਗੋਲੀਕਾਂਡ ਕੇਸ ਨੂੰ ਹੋਰ ਜ਼ਿਆਦਾ ਨਾ ਲਮਕਾਉਣ ਅਤੇ ਮੁੜ ਤੋਂ ਸੁਣਵਾਈ ਦਾ ਫੈਸਲਾ ਲਿਆ ਗਿਆ ਹੈ ਇਹ ਇੱਕ ਬਹੁਤ ਹੀ ਵਧੀਆ ਫੈਸਲਾ ਹੈ,ਇਸ ਫੈਸਲੇ ਨਾਲ ਇਨਸਾਫ਼ ਦੀ ਉਮੀਦ ਮੁੜ ਤੋਂ ਜਾਗੀ ਹੈ।