ਲੁਧਿਆਣਾ/ਕਪੂਰਥਲਾ: ਬੀਤੇ ਦਿਨ ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ਉੱਤੇ ਉਸ ਵੇਲ੍ਹੇ ਹੰਗਾਮਾ ਹੋ ਗਿਆ, ਜਦੋਂ ਦਿੱਲੀ ਜਾਣ ਤੋਂ ਪਹਿਲਾਂ ਸਕਿਓਰਿਟੀ ਚੈਕ ਸਮੇਂ ਕੰਗਨਾ ਰਣੌਤ ਦੇ ਸੀਆਈਐਸਐਫ ਮਹਿਲਾ ਜਵਾਨ ਨੇ ਉਸ ਦੇ ਥੱਪੜ ਮਾਰ ਦਿੱਤਾ। ਇਸ ਬਾਅਦ ਅਜੇ ਤੱਕ ਇਹ ਇਹ ਮਾਮਲਾ ਤੂਲ ਫੜ੍ਹਦਾ ਨਜ਼ਰ ਆ ਰਿਹਾ ਹੈ। ਕੁਲਵਿੰਦਰ ਕੌਰ ਵਲੋਂ ਕੰਗਨਾ ਨੂੰ ਥੱਪੜ ਮਾਰੇ ਜਾਣ ਤੋਂ ਬਾਅਦ ਜਿੱਥੇ ਕਿਸਾਨ ਜੱਥੇਬੰਦੀਆਂ ਨੇ ਸਮਰਥਨ ਕੀਤਾ, ਉੱਥੇ ਹੀ ਕੁਲਵਿੰਦਰ ਦੇ ਭਰਾ ਨੇ ਵੀ ਕਿਹਾ ਕਿ ਉਹ ਹਰ ਆਉਣ ਵਾਲੇ ਸਮੇਂ ਨਾਲ ਨਜਿੱਠਣ ਲਈ ਤਿਆਰ ਹਨ। ਜਾਣੋ ਆਖਰ ਕੌਣ ਹੈ ਕੁਲਵਿੰਦਰ ਕੌਰ ਅਤੇ ਹੁਣ ਤੱਕ ਕੀ-ਕੀ ਹੋਇਆ -
ਪਤੀ ਵੀ ਫੌਜ ਵਿੱਚ, ਖੁਦ ਪਿਛਲੇ 2 ਸਾਲ ਤੋਂ ਚੰਡੀਗੜ੍ਹ ਤੈਨਾਤ: ਦਰਅਸਲ, ਕੁਲਵਿੰਦਰ ਕੌਰ ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਸੰਬੰਧਿਤ ਹੈ ਅਤੇ ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਬੰਧਕ ਸੈਕਟਰੀ ਹੈ। ਉਸ ਦਾ ਪਤੀ ਵੀ ਕੇਂਦਰੀ ਸੁਰੱਖਿਆ ਦਸਤਿਆਂ 'ਚ ਤੈਨਾਤ ਹੈ। ਕੁਲਵਿੰਦਰ ਕੌਰ ਦੇ 2 ਬੱਚੇ ਹਨ, ਲਗਭਗ 10 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ। ਉਸ ਦੇ ਪਤੀ ਦੀ ਪੋਸਟਿੰਗ ਸਰਹੱਦ ਉੱਤੇ ਦੱਸੀ ਜਾ ਰਹੀ ਹੈ। ਪਿਛਲੇ 2 ਸਾਲ ਤੋਂ ਕੁਲਵਿੰਦਰ ਕੌਰ ਚੰਡੀਗੜ੍ਹ ਏਅਰਪੋਰਟ ਉੱਤੇ ਤੈਨਾਤ ਸੀ ਅਤੇ ਕੱਲ੍ਹ ਦੇ ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਸੀਆਈਐਸਐਫ ਵੱਲੋਂ ਮੁੱਅਤਲ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਿਉਂ ਭੜਕੀ ਕੁਲਵਿੰਦਰ ਕੌਰ: ਕੁਲਵਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਅਤੇ ਹਾਲ ਹੀ ਵਿੱਚ ਮੰਡੀ ਲੋਕ ਸਭਾ ਖੇਤਰ ਤੋਂ ਭਾਜਪਾ ਦੀ ਟਿਕਟ ਉੱਤੇ ਜਿੱਤ ਹਾਸਿਲ ਕਰਨ ਵਾਲੀ ਕੰਗਨਾ ਰਣੌਤ ਨੂੰ ਚੈਕਿੰਗ ਦੇ ਦੌਰਾਨ ਚੰਡੀਗੜ੍ਹ ਏਅਰ ਪੋਰਟ ਉੱਤੇ ਨਾ ਸਿਰਫ ਹੱਥ ਚੁੱਕਿਆ ਸੀ, ਸਗੋਂ ਇਸ ਪੂਰੇ ਹਾਦਸੇ ਤੋਂ ਬਾਅਦ ਉਸ ਨੇ ਇਹ ਕਿਹਾ ਵੀ ਸੀ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੇ ਦੌਰਾਨ ਇਹ ਬਿਆਨ ਦਿੱਤਾ ਸੀ ਕਿ 100 - 100 ਰੁਪਏ ਦੇ ਵਿੱਚ ਮਹਿਲਾਵਾਂ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ ਹਨ, ਉਸ ਸਮੇਂ ਮੇਰੀ ਮਾਂ ਉਸ ਧਰਨੇ ਵਿੱਚ ਸ਼ਾਮਿਲ ਸੀ।