ਕਾਰਗਿਲ ਸ਼ਹੀਦ ਰਸ਼ਵਿੰਦਰ ਸਿੰਘ ਦੀ ਸ਼ਹਾਦਤ (ETV Bharat Mansa) ਮਾਨਸਾ : ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮਈ 1999 ਚੋਂ ਸ਼ੁਰੂ ਹੋਈ ਕਾਰਗਿਲ ਦੀ ਲੜਾਈ ਦੇ ਦੌਰਾਨ ਭਾਰਤ ਦੇ ਅਨੇਕ ਹੀ ਸੂਰਵੀਰਾਂ ਨੇ ਆਪਣੀ ਜਾਨ ਦੇਸ਼ ਦੇ ਲਈ ਕੁਰਬਾਨ ਕਰ ਪਾਕਿਸਤਾਨ 'ਤੇ ਜਿੱਤ ਹਾਸਿਲ ਕੀਤੀ। ਦੇਸ਼ ਦੇ ਲਈ ਜਾਨ ਕੁਰਬਾਨ ਕਰਨ ਵਾਲੇ ਸੂਰਵੀਰਾਂ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ 'ਤੇ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਮਨ ਕੀਤਾ ਜਾਂਦਾ ਹੈ। ਦੇਸ਼ ਦੇ ਲਈ ਮਰ ਮਿਟਣ ਵਾਲੇ ਸੂਰ ਵੀਰਾਂ ਦੇ ਪਰਿਵਾਰਾਂ ਦੇ ਹਾਲਾਤ ਕਿਹੋ ਜਿਹੇ ਹਨ। ਪਰਿਵਾਰਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਕਾਰਗਿਲ ਸ਼ਹੀਦਾਂ ਦੇ ਪਰਿਵਾਰ ਵੀ ਆਪਣੇ ਸੂਰਵੀਰ ਪੁੱਤਰਾਂ 'ਤੇ ਦੇਸ਼ ਲਈ ਜਾਨ ਕੁਰਬਾਨ ਕਰਨ ਲਈ ਮਾਣ ਮਹਿਸੂਸ ਕਰਦੇ ਹਨ।
ਆਪਣੀ ਜਾਨ ਦੇਸ਼ ਲਈ ਕੁਰਬਾਨ:1999 ਵਿੱਚ ਪਾਕਿਸਤਾਨ ਅਤੇ ਭਾਰਤ ਵਿਚਕਾਰ ਸ਼ੁਰੂ ਹੋਈ ਕਾਰਗਿਲ ਦੀ ਲੜਾਈ ਦੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਘੁਰਕਣੀ ਦੇ ਰਸ਼ਵਿੰਦਰ ਸਿੰਘ ਨੇ ਆਪਣੀ ਜਾਨ ਦੇਸ਼ ਲਈ ਕੁਰਬਾਨ ਕਰ ਆਪਣਾ ਨਾਮ ਸੁਨਹਿਰੇ ਅੱਖਰਾਂ ਦੇ ਵਿੱਚ ਰੌਸ਼ਨ ਕੀਤਾ ਹੈ। ਜਿਨਾਂ ਦਾ ਦੇਸ਼ ਹਰ ਸਾਲ ਕਾਰਗਿਲ ਵਿਜੇ ਦਿਵਸ 'ਤੇ ਯਾਦ ਕਰਕੇ ਉਨ੍ਹਾਂ ਨੂੰ ਸਲਿਊਟ ਕਰਦਾ ਹੈ।
ਦੋਸਤਾਂ ਦੇ ਨਾਲ ਫੌਜ ਵਿੱਚ ਭਰਤੀ:ਸ਼ਹੀਦ ਰਸ਼ਵਿੰਦਰ ਸਿੰਘ ਦੀ ਮਾਤਾ ਅਮਰਜੀਤ ਕੌਰ ਅਤੇ ਪਿਤਾ ਹਰਚਰਨ ਸਿੰਘ ਨੇ ਦੱਸਿਆ ਕਿ ਰਸਵਿੰਦਰ ਸਿੰਘ ਫੌਜ ਦੇ ਵਿੱਚ ਭਰਤੀ ਹੋਣ ਦਾ ਉਸਨੂੰ ਬਹੁਤ ਹੀ ਜਨੂਨ ਸੀ ਅਤੇ ਪਹਿਲੀ ਵਾਰ ਹੀ ਉਹ ਆਪਣੇ ਦੋਸਤਾਂ ਦੇ ਨਾਲ ਫੌਜ ਵਿੱਚ ਭਰਤੀ ਹੋਣ ਦੇ ਲਈ ਗਿਆ। ਪਹਿਲੀ ਵਾਰ ਹੀ ਫੌਜ ਦੇ ਵਿੱਚ ਭਰਤੀ ਹੋ ਗਿਆ ਅਤੇ ਭਰਤੀ ਤੋਂ ਬਾਅਦ ਦੇ ਸਮੇਂ ਉਸ ਦੀ ਉਮਰ 18 ਸਾਲ ਸੀ।
ਕਾਰਗਿਲ ਦੀ ਲੜਾਈ :ਉਨ੍ਹਾਂ ਦੱਸਿਆ ਕਿ ਰਸ਼ਵਿੰਦਰ ਸਿੰਘ ਬਹੁਤ ਹੀ ਹਸਮੁਖ ਅਤੇ ਮਾਤਾ ਪਿਤਾ ਦਾ ਸਤਿਕਾਰ ਕਰਨ ਵਾਲਾ ਬੇਟਾ ਸੀ ਕਾਰਗਿਲ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਉਹ ਘਰ ਛੁੱਟੀ ਆਇਆ ਹੋਇਆ ਸੀ ਅਤੇ 16 ਮਈ ਨੂੰ ਡਿਊਟੀ 'ਤੇ ਵਾਪਸ ਚਲਾ ਗਿਆ। 21 ਮਈ ਨੂੰ ਕਾਰਗਿਲ ਦੀ ਲੜਾਈ ਦੇ ਦੌਰਾਨ ਰਸ਼ਵਿੰਦਰ ਸਿੰਘ ਦੇਸ਼ ਦੇ ਲਈ ਸ਼ਹੀਦ ਹੋ ਗਿਆ।
ਪਿੰਡ ਦੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ:ਰਸ਼ਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਹੈ ਅਤੇ ਅੱਜ ਵੀ ਉਨ੍ਹਾਂ ਦੇ ਬੇਟੇ ਦੀ ਸ਼ਹਾਦਤ ਦਾ ਕਾਰਨ ਉਨ੍ਹਾਂ ਨੂੰ ਹਰ ਸਰਕਾਰੀ ਦਫਤਰਾਂ ਦੇ ਵਿੱਚ ਮਾਨ ਸਨਮਾਨ ਮਿਲਦਾ ਹੈ। ਫੌਜ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਕਾਰਗਿਲ ਵਿਜੇ ਦਿਵਸ 'ਤੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਸ਼ਵਿੰਦਰ ਸਿੰਘ ਦਾ ਬੁੱਤ ਪਿੰਡ ਦੇ ਵਿੱਚ ਉਨ੍ਹਾਂ ਵੱਲੋਂ ਖੁਦ ਲਗਾਇਆ ਗਿਆ ਹੈ। ਜਦੋਂ ਕਿ ਪੰਜਾਬ ਸਰਕਾਰ ਵੱਲੋਂ ਹੁਣ ਪਿੰਡ ਦੇ ਐਂਟਰੀ ਗੇਟ 'ਤੇ ਰਸ਼ਵਿੰਦਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਯਾਦਗਾਰੀ ਗੇਟ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਮਾਨ ਸਨਮਾਨ ਮਿਲਿਆ ਪਰ ਉਨ੍ਹਾਂ ਦੀ ਮੰਗ ਹੈ ਕਿ ਪਿੰਡ ਦੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਤਾਂ ਕਿ ਪਿੰਡ ਦੀਆਂ ਲੜਕੀਆਂ ਨੂੰ ਦੂਰ ਨਾ ਜਾਣਾ ਪਵੇ ਅਤੇ ਸ਼ਹੀਦ ਰਸ਼ਵਿੰਦਰ ਸਿੰਘ ਦੇ ਨਾਮ 'ਤੇ ਅਪਗ੍ਰੇਡ ਸਕੂਲ ਦੇ ਵਿੱਚ ਹੀ ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲ ਸਕੇ।