ਪੰਜਾਬ

punjab

ETV Bharat / state

ਸ਼ਹੀਦ ਦੀ ਪਤਨੀ ਨੇ ਵੀਰ ਚੱਕਰ ਵਾਪਸ ਕਰਨ ਦੀ ਆਖੀ ਗੱਲ, ਜਾਣੋ ਕਿਉਂ ਦਿੱਤਾ ਅਜਿਹਾ ਬਿਆਨ? - KARGIL MARTYR

ਸ਼ਹੀਦ ਦੇ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਵਿਚਕਾਰ ਵਿਵਾਦ ਜਾਰੀ। ਡੀਸੀ ਨੇ ਰੋਕਿਆ ਕੰਮ

KARGIL MARTYR
ਸ਼ਹੀਦ ਦੀ ਪਤਨੀ ਨੇ ਵੀਰ ਚੱਕਰ ਵਾਪਸ ਕਰਨ ਦੀ ਆਖੀ ਗੱਲ (ETV Bharat)

By ETV Bharat Punjabi Team

Published : Feb 11, 2025, 5:33 PM IST

ਗੁਰਦਾਸਪੁਰ: ਪਿੰਡ ਛੀਨਾ ਬੇਟ ਦੇ ਕਾਰਗਿਲ ਦੇ ਸ਼ਹੀਦ ਨਿਰਮਲ ਸਿੰਘ ਦੀ ਯਾਦ ਵਿੱਚ ਬਣਾਏ ਜਾ ਰਹੇ ਸ਼ਹੀਦੀ ਗੇਟ ਨੂੰ ਲੈ ਕੇ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਵਿਚਾਲੇ ਚੱਲ ਰਿਹਾ ਵਿਵਾਦ ਖ਼ਤਮ ਨਹੀਂ ਹੋ ਰਿਹਾ। ਅੱਜ ਸ਼ਹੀਦ ਦੇ ਪਰਿਵਾਰ ਅਤੇ ਸ਼ਹੀਦ ਸੈਨਿਕ ਸੁਰੱਖਿਆ ਪ੍ਰੀਸ਼ਦ ਦੀ ਟੀਮ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲ ਕੇ ਕਿਹਾ ਕਿ ਜੇਕਰ ਕੰਮ ਜਲਦੀ ਬੰਦ ਨਾ ਕੀਤਾ ਗਿਆ ਤਾਂ ਸ਼ਹੀਦ ਦੀ ਪਤਨੀ ਨੂੰ ਦਿੱਤੀ ਗਈ ਰਕਮ ਸਰਕਾਰ ਨੂੰ ਵਾਪਸ ਕਰ ਦਿੱਤੀ ਜਾਵੇਗੀ ਕਿਉਂਕਿ ਇਸ ਲਈ ਪਰਿਵਾਰ ਗੇਟ ਲਾਉਣ ਲਈ ਸਹਿਮਤ ਨਹੀਂ ਹੈ। ਜਦੋਂਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸ਼ਹੀਦੀ ਗੇਟ ਦਾ ਕੰਮ ਬੰਦ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਸ਼ਹੀਦ ਦੀ ਪਤਨੀ ਨੇ ਵੀਰ ਚੱਕਰ ਵਾਪਸ ਕਰਨ ਦੀ ਆਖੀ ਗੱਲ (ETV Bharat)

ਵੀਰ ਚੱਕਰ ਸਰਕਾਰ ਨੂੰ ਵਾਪਸ ਕਰ ਦੇਣਗੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਗਿਲ ਦੇ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਦੇ 25 ਸਾਲ ਬਾਅਦ ਉਨ੍ਹਾਂ ਨੂੰ ਸ਼ਹੀਦ ਦੀ ਯਾਦ ਵਿੱਚ ਸ਼ਹੀਦੀ ਗੇਟ ਬਣਾਉਣ ਲਈ ਸਰਕਾਰ ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਪਰ ਪਿੰਡ ਦੀ ਪੰਚਾਇਤ ਉਨ੍ਹਾਂ ਨੂੰ ਸ਼ਹੀਦੀ ਗੇਟ ਬਣਾਉਣ ਲਈ ਮਨਜ਼ੂਰੀ ਨਹੀਂ ਦੇ ਰਹੀ। ਪਿੰਡ ਦੇ ਐਂਟਰੀ ਪੁਆਇੰਟ 'ਤੇ ਗੇਟ ਬਣਾਇਆ ਜਾਵੇ ਤਾਂ ਜੋ ਪਿੰਡ ਦੇ ਅੰਦਰ ਆਉਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਸ਼ਹੀਦ ਨਿਰਮਲ ਸਿੰਘ ਦਾ ਪਿੰਡ ਹੈ ਪਰ ਪੰਚਾਇਤ ਜਾਣਬੁੱਝ ਕੇ ਪਿੰਡ ਦੀ ਇੱਕ ਛੋਟੀ ਜਿਹੀ ਗਲੀ ਵਿੱਚ ਇਹ ਗੇਟ ਬਣਾ ਕੇ ਸ਼ਹੀਦ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦ ਦਾ ਗੇਟ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਬਣਾਇਆ ਗਿਆ ਤਾਂ ਉਹ ਸ਼ਹੀਦ ਦੀ ਸ਼ਹੀਦੀ ਤੋਂ ਬਾਅਦ ਪ੍ਰਾਪਤ ਵੀਰ ਚੱਕਰ ਸਰਕਾਰ ਨੂੰ ਵਾਪਸ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਉਹ ਚੱਲ ਰਹੇ ਕੰਮ ਨੂੰ ਦੇਖਣ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਗੇਟ ਪਿੰਡ ਦੇ ਅੰਦਰ ਇੱਕ ਗਲੀ 'ਚ ਬਣ ਰਿਹਾ। ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਪਿੰਡ ਦੇ ਸਰਪੰਚ ਨੇ ਪਰਿਵਾਰ ਨਾਲ ਬਦਸਲੂਕੀ ਕੀਤੀ।

ਪੰਚਾਇਤ ਨਾਲ ਝਗੜਾ

ਇਸ ਮਾਮਲੇ ਸਬੰਧੀ ਪਿੰਡ ਛੀਨਾ ਬੇਟ ਦੇ ਸਰਪੰਚ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿੱਚ ਜਿੱਥੇ ਸ਼ਹੀਦ ਨਿਰਮਲ ਸਿੰਘ ਦੀ ਸ਼ਹੀਦੀ ਯਾਦਗਾਰ ਬਣੀ ਹੋਈ ਹੈ। ਇਹ ਗੇਟ ਵੀ ਪਿੰਡ ਦੇ ਬਾਹਰ ਬਣਾਉਣ ਲਈ ਪੂਰੇ ਪਰਿਵਾਰ ਨੇ ਸਹਿਮਤੀ ਪ੍ਰਗਟਾਈ ਹੈ। ਸਰਪੰਚ ਨੇ ਕਿਹਾ ਕਿ ਸ਼ਹੀਦ ਦੀ ਪਤਨੀ ਨੇ ਵੀਰ ਚੱਕਰ ਵਾਪਸ ਕਰਨ ਬਾਰੇ ਜੋ ਕਿਹਾ ਹੈ, ਉਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਇਸ 'ਤੇ ਉਹ ਕੁਝ ਨਹੀਂ ਕਹਿ ਸਕਦੇ, ਜਦਕਿ ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨਾਲ ਕਿਸੇ ਨੇ ਵੀ ਮਾੜਾ ਵਿਵਹਾਰ ਨਹੀਂ ਕੀਤਾ। ਸਰਪੰਚ ਨੇ ਕਿਹਾ ਕਿ ਸਾਬਕਾ ਸੈਨਿਕ ਯੂਨੀਅਨ ਦੇ ਕੁਝ ਲੋਕ ਸ਼ਹੀਦ ਦੇ ਪਰਿਵਾਰ ਨਾਲ ਗੇਟ ਦੇਖਣ ਆਏ ਸਨ, ਜਿਨ੍ਹਾਂ ਨੇ ਪੰਚਾਇਤ ਨਾਲ ਝਗੜਾ ਕੀਤਾ ਤੇ ਮੰਦਾ ਚੰਗਾ ਵੀ ਬੋਲਿਆ। ਉਨ੍ਹਾਂ ਕਿਹਾ ਕਿ ਇਹ ਗੇਟ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਹੀ ਬਣਾਇਆ ਜਾ ਰਿਹਾ ਹੈ ।

ਗੇਟ ਬਣਾਉਣ ਦਾ ਕੰਮ ਰੋਕ ਦਿੱਤਾ

ਇਸ ਮਾਮਲੇ 'ਤੇ ਜ਼ਿਲ੍ਹਾ ਪੰਚਾਇਤ ਅਫ਼ਸਰ ਬਲਜੀਤ ਸਿੰਘ ਨੇ ਕਿਹਾ ਕਿ ਇਹ ਗੇਟ ਪੰਚਾਇਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਹੀ ਬਣਾਇਆ ਜਾ ਰਿਹਾ ਹੈ ਪਰ ਸ਼ਹੀਦ ਦੇ ਪਰਿਵਾਰ ਵੱਲੋਂ ਇਤਰਾਜ਼ ਕਰਕੇ ਇੱਥੇ ਗੇਟ ਬਣਾਉਣ ਦਾ ਕੰਮ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਕਮੇਟੀ ਬਣਾਈ ਗਈ ਹੈ ਜੋ ਜਾਂਚ ਕਰੇਗੀ ਅਤੇ ਉਸ ਤੋਂ ਬਾਅਦ ਹੀ ਗੇਟ ਬਣਾਉਣ ਦਾ ਫੈਸਲਾ ਲਿਆ ਜਾਵੇਗਾ।

ABOUT THE AUTHOR

...view details