ਬਠਿੰਡਾ:ਅੱਜ-ਕੱਲ੍ਹ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਵਿਦੇਸ਼ੀ ਦੌਰੇ ਦੌਰਾਨ ਸਿੱਖਾਂ ਬਾਰੇ ਦਿੱਤਾ ਗਿਆ ਬਿਆਨ ਸੁਰਖੀਆਂ ਬਣਿਆ ਹੋਇਆ ਹੈ । ਦਰਅਸਲ ਰਾਹੁਲ ਗਾਂਧੀ ਨੇ ਵਿਦੇਸ਼ੀ ਦੌਰੇ ਦੌਰਾਨ ਆਖਿਆ ਕਿ ਭਾਜਪਾ ਦੀ ਸਰਕਾਰ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਧੱਕਾ ਕਰ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹੱਕਾਂ ਦੇਸ਼ ਅੰਦਰ ਦਰੜੇ ਜਾ ਰਹੇ ਹਨ। ਰਾਹੁਲ ਗਾਂਧੀ ਦੇ ਇਸ ਬਿਆਨ ਨਾਲ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪਰਮਿੰਦਰ ਸਿੰਘ ਬਲਿਆਂਵਾਲੀ ਨੇ ਸਹਿਮਤੀ ਜਤਾਈ ਹੈ।
ਸਿੱਖਾਂ ਦਾ ਕੋਹ-ਕੋਹ ਕੇ ਸ਼ਿਕਾਰ
ਸਿੱਖ ਆਗੂਆਂ ਨੇ ਆਖਿਆ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ, ਰਾਜਨੀਤਿਕ ਅਤੇ ਆਰਥਿਕ ਅਧਿਕਾਰ ਹਮੇਸ਼ਾ ਕੁਚਲੇ ਗਏ ਹਨ। ਜਦੋਂ ਅਸੀਂ 1947 ਤੋਂ ਬਾਅਦ ਦਾ ਇਤਿਹਾਸ ਪੜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਿੱਖਾਂ ਨਾਲ ਭਾਰਤ ਵਿੱਚ ਕਿਵੇਂ ਹਮੇਸ਼ਾ ਧੱਕਾ ਹੋਇਆ ਹੈ। ਪਿਛਲੇ ਸਮੇਂ ਦੌਰਾਨ ਪੰਜਾਬੀਆਂ ਨੇ ਪਾਣੀ ਦੇ ਹੱਕ ਦੀ ਗੱਲ ਕੀਤੀ, ਭਾਸ਼ਾ ਦੀ ਗੱਲ ਕੀਤੀ ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਅਜਿਹਾ ਕੂੜ ਵਿਰਤਾਂਤ ਸਿਰਜਿਆ ਜਿਸ ਦਾ ਨਤੀਜੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਇਆ। 1984 ਦੌਰਾਨ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕੋਹ-ਕੋਹ ਕੋ ਸ਼ਿਕਾਰ ਕੀਤਾ ਗਿਆ ਪਰ ਅੱਜ ਤੱਕ ਸਿੱਖਾਂ ਨੂੰ ਉਸ ਮਾਮਲੇ ਵਿੱਚ ਇਨਸਾਫ ਨਹੀਂ ਮਿਲਿਆ।