ਅੰਮ੍ਰਿਤਸਰ: ਅਕਾਲੀ ਸਰਕਾਰ ਸਮੇਂ ਹੋਏ ਗੁਨਾਹਾਂ ਨੂੰ ਵੇਖਦੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਲਗਾਈ ਹੈ। ਇਸ ਮੌਕੇ ਬੀਬੀ ਜਗੀਰ ਕੌਰ ਵੀ ਲਗਾਈ ਗਈ ਸੇਵਾ ਨੂੰ ਪੂਰਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਆਏ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਸੇਵਾ ਲਗਾਈ ਗਈ ਹੈ। ਉਨ੍ਹਾਂ ਆਖਿਆ ਕਿ ਸਾਨੂੰ ਬਹੁਤ ਵੱਡਾ ਸਕੂਨ ਮਿਲਿਆ ਹੈ।
ਬੀਬੀ ਜਗੀਰ ਕੌਰ (ETV Bharat (ਪੱਤਰਕਾਰ, ਅੰਮ੍ਰਿਤਸਰ)) ਕਮਜ਼ੋਰ ਹੋ ਰਿਹਾ ਸੀ ਅਕਾਲੀ ਦਲ
ਬੀਬੀ ਜਗੀਰ ਕੌਰ ਨੇ ਆਖਿਆ ਅਕਾਲੀ ਸਰਕਾਰ ਸਮੇਂ ਜੋ ਗਲਤੀਆਂ ਹੋਈਆਂ ਸਨ, ਉਨ੍ਹਾਂ ਨੂੰ ਲੈ ਕੇ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਹੁਣ ਸਾਡੇ ਗੁਨਾਹਾਂ ਬਖ਼ਸ਼ੇ ਜਾ ਰਹੇ ਹਨ। ਜਿਸ ਨੇ ਜਿੰਨਾ ਵੱਡਾ ਗੁਨਾਹ ਕੀਤਾ ਉਸ ਨੂੰ ਉਸ ਮੁਤਾਬਿਕ ਹੀ ਸਜ਼ਾ ਲਗਾਈ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਵੀ ਜਵਾਬ ਮਿਲ ਗਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਕੀ ਤਾਕਤ ਹੈ।
ਅਸੀਂ ਆਪਣਾ ਯੋਗਦਾਨ ਪਾਇਆ
ਮੀਡੀਆ ਨਾਲ ਗੱਲ ਕਰਦੇ ਉਨ੍ਹਾਂ ਆਖਿਆ ਕਿ ਸੁਧਾਰ ਲਹਿਰ ਨੇ ਜੋ ਕਦਮ ਚੁੱਕਿਆ ਸੀ ਅੱਜ ਉਸ ਦਾ ਫਲ ਮਿਲ ਗਿਆ ਅਤੇ ਸੁਧਾਰ ਹੋ ਗਿਆ। ਅਸੀਂ ਹਮੇਸ਼ਾਂ ਹੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਸੁਧਾਰ ਲਹਿਰ ਦਾ ਮਕਸਦ ਵੀ ਇਹੀ ਸੀ ਜੋ ਪੂਰਾ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੀਤੇ ਗੁਨਾਹ ਅਤੇ ਭੁੱਲਾਂ ਲਈ ਮੁਆਫ਼ੀ ਮੰਗੀ ਹੈ ਅਤੇ ਜੋ ਸਾਨੂੰ ਸਜ਼ਾ ਲਗਾਈ ਗਈ ਹੈ ਉਹ ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ।
ਸੁਖਬੀਰ ਬਾਦਲ ਆਪਣੀ ਸਜ਼ਾ ਪੂਰੀ ਕਰਨ
ਜਗੀਰ ਕੌਰ ਨੇ ਆਖਿਆ ਕਿ ਜਿੰਨ੍ਹਾਂ ਨੂੰ ਵੀ ਸਜ਼ਾ ਲਗਾਈ ਹੈ ਉਹ ਸਾਰੇ ਆਪਣੀ ਲਗਾਈ ਲਗਾਈ ਸਜ਼ਾ ਮੁਤਾਬਿਕ ਸਜ਼ਾ ਨੂੰ ਨਿਭਾ ਰਹੇ ਹਨ। ਇਸ ਲਈ ਸੁਖਬੀਰ ਬਾਦਲ ਨੂੰ ਵੀ ਆਪਣੀ ਸਜ਼ਾ ਨੂੰ ਪੂਰਾ ਕਰਨਾ ਚਾਹੀਦਾ ਹੈ। ਕਾਬਲੇਜ਼ਿਕਰ ਹੈ ਕਿ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਗੁਨਾਹ ਹੋਏ ਸੀ ਉਨ੍ਹਾਂ ਲਈ ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲੇ ਲਏ ਗਏ ਅਤੇ ਉਸ ਸਜ਼ਾ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵੱਲੋਂ ਕੀਤਾ ਗਿਆ ਸੀ।