ਸਿੱਧੂ ਮੂਸੇਵਾਲਾ ਦੀ ਬਰਸੀ 'ਤੇ ਪਹੁੰਚੇ ਸੁਖਪਾਲ ਖਹਿਰਾ (ETV BHARAT) ਮਾਨਸਾ:ਸਿੱਧੂ ਮੂਸੇਵਾਲਾ ਦੀ ਦੂਸਰੀ ਬਰਸੀ ਅੱਜ ਪਰਿਵਾਰ ਵੱਲੋਂ ਸਾਦੇ ਢੰਗ ਦੇ ਨਾਲ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਮਨਾਈ ਜਾ ਰਹੀ ਹੈ। ਇਸ ਦੌਰਾਨ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਸਿੱਧੂ ਮੂਸੇਵਾਲਾ ਦੇ ਬਰਸੀ ਸਮਾਗਮ ਦੇ ਵਿੱਚ ਸ਼ਾਮਿਲ ਹੋਏ। ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਅਤੇ ਉਨਾਂ ਦਾ ਛੋਟਾ ਪੁੱਤਰ ਸ਼ੁੱਭ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ, ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਹਨ।
ਇਨਸਾਫ਼ 'ਚ ਦੇਰ ਹੋ ਸਕਦੀ ਪਰ ਅੰਧੇਰ ਨਹੀਂ: ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਜੋ ਮੁੱਖ ਮੰਤਰੀ ਖੁਦ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ ਉਹ ਇਨਸਾਫ ਨਹੀਂ ਦੇ ਸਕਿਆ ਤਾਂ ਪਰਿਵਾਰ ਇਨਸਾਫ ਕਿੱਥੋਂ ਲਵੇਗਾ। ਉਹਨਾਂ ਕਿਹਾ ਕਿ ਮੂਸੇਵਾਲਾ ਨੂੰ ਇਨਸਾਫ਼ ਮਿਲਣ ਲਈ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ ਹੋ ਸਕਦਾ। ਅਸੀਂ ਆਪਣੇ ਵਲੋਂ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਲੜਾਈ ਜਾਰੀ ਰੱਖਾਂਗੇ। ਉਹਨਾਂ ਕਿਹਾ ਕਿ ਅਸੀਂ ਇਨਸਾਫ ਇੱਕ ਦਿਨ ਜ਼ਰੂਰ ਲੈ ਕੇ ਹਟਾਂਗੇ, ਸਾਡੀ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਹੈ।
ਪਰਿਵਾਰ ਵਲੋਂ ਦਿੱਤੇ ਨਾਮ ਨਹੀਂ ਕੀਤੇ ਜਾਂਚ 'ਚ ਸ਼ਾਮਲ: ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਇੱਕ ਬਹੁਤ ਹੀ ਵੱਡੀ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਰਿਵਾਰ ਚਾਰ ਪੰਜ ਵਿਅਕਤੀਆਂ ਦੇ ਨਾਮ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਦੇ ਲਈ ਦੇ ਰਿਹਾ ਹੈ ਪਰ ਉਹਨਾਂ ਵਿਅਕਤੀਆਂ ਨੂੰ ਇਨਵੈਸਟੀਗੇਟ ਹੀ ਨਹੀਂ ਕੀਤਾ ਜਾ ਰਿਹਾ, ਸਿਸਟਮ ਤਾਂ ਉੱਥੇ ਹੀ ਫੇਲ੍ਹ ਹੋ ਗਿਆ ਹੈ। ਉਹਨਾਂ ਕਿਹਾ ਕਿ ਜਿਨਾਂ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਸਬੰਧੀ ਜਾਣਕਾਰੀ ਲੀਕ ਕੀਤੀ ਗਈ ਸੀ, ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਸੁਰੱਖਿਆ ਲੀਕ ਕਰਨ ਵਾਲਿਆਂ 'ਤੇ ਹੋਵੇ ਕਾਰਵਾਈ: ਉਹਨਾਂ ਕਿਹਾ ਕਿ ਜੋ ਵਿਅਕਤੀ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਟਵੀਟ ਕਰਦਾ ਹੈ ਤਾਂ ਉਸ ਦਾ ਟਵੀਟ ਫੇਸਬੁੱਕ ਆਦਿ ਬੰਦ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਜਿਨਾਂ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਕੀਤੀ ਗਈ ਹੈ, ਉਹਨਾਂ ਦੇ ਖਿਲਾਫ ਦੋ ਸਾਲ ਹੋ ਚੁੱਕੇ ਹਨ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਖਹਿਰਾ ਨੇ ਕਿਹਾ ਕਿ ਜਿਸ ਦਿਨ ਇਹ ਸਰਕਾਰ ਬਦਲ ਕੇ ਕਾਂਗਰਸ ਦੀ ਸਰਕਾਰ ਆਵੇਗੀ, ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ।