ਬਠਿੰਡਾ: ਝੋਨੇ ਦੀ ਖਰੀਦ ਨੂੰ ਲੈ ਕੇ ਜਿੱਥੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਪਰਾਲੀ ਦਾ ਪ੍ਰਬੰਧਨ ਨਾ ਹੋਣ ਕਾਰਨ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਵੱਧਦਾ ਤੁਰਿਆ ਜਾ ਰਿਹਾ ਹੈ। ਇਸ ਸਿਲਸਿਲੇ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਡੀਆਈਜੀ ਬਠਿੰਡਾ ਰੇਂਜ ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਅਮਨੀਤ ਕੌਂਡਲ ਨੇ ਪਰਾਲੀ ਦੇ ਭੱਖਦੇ ਮੁੱਦੇ ਨੂੰ ਵੇਖਦੇ ਹੋਏ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਹੈ।
ਜ਼ਮੀਨੀ ਪੱਧਰ 'ਤੇ ਉਤਰਿਆ ਜ਼ਿਲ੍ਹਾ ਪ੍ਰਸ਼ਾਸਨ (ETV Bharat (ਪੱਤਰਕਾਰ , ਬਠਿੰਡਾ)) ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ
ਇਸ ਦੌਰਾਨ ਕਈ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਈ ਦਿਖਣ ਉੱਤੇ ਉਨ੍ਹਾਂ ਵੱਲੋਂ ਤੁਰੰਤ ਮੌਕੇ 'ਤੇ ਜਾ ਕੇ ਕਾਨੂੰਨੀ ਕਾਰਵਾਈ ਕੀਤੀ ਗਈ। ਉੱਥੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਰਾਹੀਂ ਅੱਗ ਵੀ ਬੁਝਾਈ ਗਈ। ਬਠਿੰਡਾ ਦੇ ਪਿੰਡ ਗਹਿਰੀ ਬੂਟਰ ਦੇ ਨਾਲ ਬਲਾਕ ਸੰਗਤ ਦੇ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਮੇਂ ਕਈ ਪਿੰਡਾਂ ਵਿੱਚ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ। ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਪਰਾਲੀ ਸਬੰਧੀ ਕਿਸਾਨਾਂ ਨੂੰ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਹੈ।
ਬੱਚਿਆਂ ਅਤੇ ਬਜ਼ੁਰਗਾਂ ਲਈ ਪਰਾਲੀ ਦਾ ਧੂੰਆਂ ਖਤਰਨਾਕ
ਜਿੰਨਾ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਹੋਣ ਦੀ ਸੂਚਨਾ ਮਿਲਦੀ ਹੈ ਉੱਥੇ ਤੁਰੰਤ ਪੁਲਿਸ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾ ਦਿੰਦੀ ਹੈ ਅਤੇ ਅੱਗ ਲਾਉਣ ਵਾਲੇ ਕਿਸਾਨ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਜੋ ਬੱਚਿਆਂ ਅਤੇ ਬਜ਼ੁਰਗਾਂ ਲਈ ਖਤਰਨਾਕ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ 76 ਅਤੇ 41 ਮਾਮਲੇ ਸਾਹਮਣੇ ਆਇਆ ਹਨ। ਇਨ੍ਹਾਂ ਮਾਮਲਿਆਂ ਸਬੰਧੀ ਮੌਕੇ 'ਤੇ ਪੁਲਿਸ ਵੱਲੋਂ ਜਾ ਕੇ ਵੈਰੀਫਾਈ ਕੀਤਾ ਗਿਆ ਹੈ ਕਿ ਇਹ ਪਰਾਲੀ ਨੂੰ ਅੱਗ ਲਗਾਈ ਗਈ ਹੈ ਜਾਂ ਹੋਰ ਕੋਈ ਕਾਰਨ ਹੈ। ਜਿਨਾਂ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਹੈ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਕਾਨੂੰਨੀ ਕਾਰਵਾਈ ਜਾਰੀ
ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿਸਾਨਾਂ ਨੂੰ ਪਰਾਲੀ ਦੇ ਰੱਖ ਰਖਾ ਲਈ ਅਗੇਤੀ ਮਸ਼ੀਨੀਰੀ ਉਪਲਬਧ ਕਰਾਈ ਗਈ ਸੀ ਤਾਂ ਜੋ ਕਿਸਾਨਾਂ ਨੂੰ ਪਰਾਲੀ ਦਾ ਪ੍ਰਬੰਧਨ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਪਰ ਕਿਤੇ ਕਿਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਨਾਂ ਨੂੰ ਲੈ ਕੇ ਲਗਾਤਾਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਉਪਲਬਧ ਨਾ ਹੋਣ ਸਬੰਧੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ। ਉਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਦੀ ਅਣਗੇਹਿਲੀ ਸਾਹਮਣੇ ਆਈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕਣਕ ਦੀ ਬਜਾਈ ਲੇਟ ਹੋਣ ਦਾ ਖਤਰਾ
ਗਹਿਰੀ ਬੂਟਰ ਦੇ ਕਿਸਾਨ ਮੇਵਾ ਸਿੰਘ ਦਾ ਕਹਿਣਾ ਹੈ ਕਿ ਅੱਜ ਝੋਨਾ ਵੱਢੇ ਨੂੰ 10 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ। ਕਣਕ ਦੀ ਬਜਾਈ ਦਾ ਸਮਾਂ ਨੇੜੇ ਆ ਰਿਹਾ ਹੈ ਪਰ ਉਨ੍ਹਾਂ ਨੂੰ ਮਸ਼ੀਨਰੀ ਉਪਲਬਧ ਨਹੀਂ ਕਰਾਈ ਜਾ ਰਹੀ। ਜਿਸ ਕਾਰਨ ਲਗਾਤਾਰ ਕਣਕ ਦੀ ਬਜਾਈ ਲੇਟ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਪਰਾਲੀ ਨੂੰ ਅੱਗ ਨਹੀਂ ਲਾਉਣ ਦੇ ਰਿਹਾ ਅਤੇ ਦੂਸਰੇ ਪਾਸੇ ਕਿਸਾਨਾਂ ਨੂੰ ਮਸ਼ੀਨੀ ਉਪਲਬਧ ਨਹੀਂ ਕਰਵਾਈ ਜਾ ਰਹੀ ਫਿਰ ਕਿਸਾਨ ਕਿਸ ਤਰ੍ਹਾਂ ਕਣਕ ਦੀ ਬਜਾਈ ਕਰਨਗੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਾਈ ਜਾਵੇ ਤਾਂ ਜੋ ਸਮੇਂ ਸਿਰ ਵਾਹਣ ਵਿਹਲਾ ਕਰਕੇ ਕਣਕ ਦੀ ਬਜਾਈ ਕਰ ਸਕਣ।