ਮੁਹਾਲੀ: 23 ਮਾਰਚ ਨੂੰ ਆਈਪੀਐੱਲ ਦਾ ਮੈਚ ਮੁਹਾਲੀ ਦੇ ਕਸਬਾ ਮੁੱਲਾਂਪੁਰ ਵਿੱਚ ਬਣੇ ਪੀਸੀਏ ਦੇ ਨਵੇਂ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ ਅਤੇ ਇਸ ਮੈਚ ਨੂੰ ਲੈਕੇ ਤਮਾਮ ਤਰ੍ਹਾਂ ਦੀਆਂ ਤਿਆਰੀਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਮੈਚ ਦੇ ਮੱਦੇਨਜ਼ਰ ਸਭ ਤੋਂ ਵੱਡੀ ਸਮੱਸਿਆ ਟਰੈਫਿਕ ਦੀ ਰਹਿ ਸਕਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਟਰੈਫਿਕ ਡਾਇਵਰਟ ਮੈਪ ਵੀ ਜਾਰੀ ਕੀਤਾ ਹੈ।
ਰੂਟ ਹੋਣਗੇ ਡਇਵਰਟ: ਮੁਹਾਲੀ ਪੁਲਿਸ ਵੱਲੋਂ ਰੋਡ ਮੈਪ ਜਾਰੀ ਕਰਦਿਆਂ ਦੱਸਿਆ ਗਿਆ ਕਿ 23 ਮਾਰਚ ਨੂੰ ਪੰਜਾਬ ਕਿੰਗਜ਼ ਇਲੈਵਨ ਅਤੇ ਦਿੱਲੀ ਡੇਅਰਡੈਵੀਲਿਜ਼ ਵਿਚਾਲੇ ਮੈਚ ਦੌਰਾਨ ਓਮੈਕਸ ਸਿਟੀ ਅਤੇ ਕੁਰਾਲੀ ਤੋਂ ਚੰਡੀਗੜ੍ਹ ਦੇ ਰੂਟ ਡਾਇਵਰਟ ਰਹਿਣਗੇ। ਇਸ ਤੋਂ ਇਲਾਵਾ ਖੇਡ ਮੈਦਾਨ ਦੇ ਅੰਦਰ ਐਂਟਰੀ ਕਰਨ ਵਾਲੇ ਦਰਸ਼ਕ ਕਿਸ ਪਾਸੇ ਤੋਂ ਆਕੇ ਗਰਾਊਂਡ ਦੇ ਕਿਸ ਗੇਟ ਨੰਬਰ ਅੰਦਰ ਗੱਡੀਆਂ ਪਾਰਕ ਕਰਨਗੇ ਇਹ ਵੀ ਮੈਪ ਵਿੱਚ ਦਰਸ਼ਾਇਆ ਗਿਆ ਹੈ।
ਆਧੁਨਿਕ ਸਹੂਲਤਾਂ ਨਾਲ ਲੈਸ ਸਟੇਡੀਅਮ: ਪੰਜਾਬ ਦੇ ਸਪੈਸ਼ਲ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ 23 ਮਾਰਚ ਨੂੰ ਪੰਜਾਬ ਦੇ ਦਰਸ਼ਕਾਂ ਦੇ ਹਵਾਲੇ ਨਵਾਂ ਸਟੇਡੀਅਮ ਹੋਵੇਗਾ ਅਤੇ ਇਹ ਸਟੇਡੀਅਮ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਆਖਿਆ ਕਿ ਨਵੇਂ ਸਟੇਡੀਅਮ ਵਿੱਚ ਮੁਹਾਲੀ ਦੇ ਪੀਸੀਏ ਸਟੇਡੀਅਮ ਨਾਲੋਂ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਕਾਫੀ ਜ਼ਿਆਦਾ ਹੈ ਅਤੇ ਇਸ ਸਟੇਡੀਅਮ ਅੰਦਰ 33 ਹਜ਼ਾਰ ਦਰਸ਼ਕ ਬੈਠ ਕੇ ਮੈਚ ਦਾ ਆਨੰਦ ਮਾਣ ਸਕਦੇ ਹਨ।
ਸੁਰੱਖਿਆ ਦੇ ਸਖ਼ਤ ਪ੍ਰਬੰਧ: ਸਪੈਸ਼ਲ ਏਡੀਜੀਪੀ ਅਰਪਿਤ ਸ਼ੁਕਲਾ ਨੇ ਅੱਗੇ ਦੱਸਿਆ ਕਿ ਮੈਚ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ। ਸੁਰੱਖਿਆ ਪਹਿਰਾ ਸਖ਼ਤ ਕਰਨ ਲਈ 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਮੈਚ ਦੀ ਨਿਗਰਾਨੀ ਖੁਦ ਡਾਈਜੀ ਰੈਂਕ ਦੇ ਅਫਸਰ ਕਰਨਗੇ ਅਤੇ ਮੈਚ ਦੀ ਸੁਰੱਖਿਆ ਸਬੰਧੀ ਸਾਰੀ ਜ਼ਿੰਮੇਵਾਰੀ ਐੱਸਐੱਸਪੀ ਮੁਹਾਲੀ ਨਿਭਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਦਰਸ਼ਕ ਗਰਾਊਂਡ ਦੇ ਅੰਦਰ ਲੈਕੇ ਨਹੀਂ ਜਾ ਸਕਣਗੇ।