ਪਲਾਸਟਿਕ ਲਿਆਓ ਗੁੜ ਲੈ ਜਾਓ (ETV Bharat (ਰਿਪੋਰਟ- ਪੱਤਰਕਾਰ, ਬਠਿੰਡਾ)) ਬਠਿੰਡਾ:ਦੁਨੀਆਂ ਵਿੱਚ ਜਿੱਥੇ ਹਵਾ ਅਤੇ ਪਾਣੀ ਪ੍ਰਦੂਸ਼ਣ ਨੂੰ ਲੈ ਕੇ ਲਗਾਤਾਰ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਆਪਣੀ ਪੱਧਰ 'ਤੇ ਯਤਨ ਕਰ ਰਹੀਆਂ ਹਨ, ਉੱਥੇ ਹੀ ਬਠਿੰਡਾ ਦੇ ਪਿੰਡ ਬੱਲੋ ਵੱਲੋਂ ਇੱਕ ਵੱਖਰਾ ਉਪਰਾਲਾ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਪਲਾਸਟਿਕ ਡੇ 'ਤੇ ਵੱਖਰੀ ਪਹਿਲ ਕਦਮੀ ਕੀਤੀ ਗਈ ਹੈ। ਉਲੇਖਯੋਗ ਹੈ ਕਿ ਗੁਰਬਚਨ ਸਿੰਘ ਸੇਵਾ ਸੰਮਤੀ ਵੱਲੋਂ ਪਿੰਡ ਦੇ ਗੁਰੂਘਰ ਤੋਂ ਅਨਾਉਂਸਮੈਂਟ ਕੀਤੀ ਗਈ ਕਿ ਜਿਸ ਕਿਹਾ ਗਿਆ ਕਿ ਘਰ ਵਿੱਛ ਕਵਾੜ ਦੇ ਰੂਪ ਵਿੱਚ ਪਲਾਸਟਿਕ ਪਿਆ ਹੈ, ਉਹ ਕਬਾੜ ਸੰਸਥਾ ਨੂੰ ਦਿਓ ਅਤੇ ਸੰਸਥਾ ਵੱਲੋਂ ਪਲਾਸਟਿਕ ਦੇ ਵਜਨ ਬਰਾਬਰ ਗੁੜ ਉਪਲਬਧ ਕਰਵਾਇਆ ਜਾਵੇਗਾ।
ਸੇਵਾ ਸੰਮਤੀ ਸੁਸਾਇਟੀ ਵੱਲੋਂ ਪਲਾਸਟਿਕ ਨੂੰ ਖਤਮ ਕਰਨ ਲਈ ਵੱਡਾ ਉਪਰਾਲਾ:ਸੰਸਥਾ ਦੇ ਮੈਂਬਰ ਭੁਪਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਪਿੰਡ ਵੱਲੋਂ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵੱਲੋਂ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਲਈ ਇਹ ਉਪਰਾਲਾ ਵਿੱਢਿਆ ਗਿਆ ਹੈ। ਬੀਤੇ ਦਿਨੀਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਇਹ ਅਨਾਊਂਸਮੈਂਟ ਕਰਵਾਈ ਗਈ ਸੀ ਕਿ ਪਿੰਡ ਵਿੱਚ ਕਬਾੜ ਪਲਾਸਟਿਕ ਅਤੇ ਪਲਾਸਟਿਕ ਦੀਆਂ ਵਸਤਾਂ ਸੰਸਥਾ ਵੱਲੋਂ ਲੈ ਕੇ ਉਹਨਾਂ ਦੇ ਵਜ਼ਨ ਦੇ ਬਰਾਬਰ ਗੁੜ ਦਿੱਤਾ ਜਾਵੇਗਾ ਤਾਂ ਜੋ ਪਲਾਸਟਿਕ ਨਾਲ ਪਿੰਡ ਦੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਪਲਾਸਟਿਕ ਲਿਆਓ ਅਤੇ ਪਲਾਸਟਿਕ ਦੇ ਵਜਨ ਬਰਾਬਰ ਗੁੜ ਲੈ ਜਾਓ: ਭੁਪਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਆਪਣੀ ਸਰਕਾਰ ਹੈ ਅਤੇ ਇੱਕ ਕਰੋੜ ਦਾ ਬਜਟ ਹਰ ਸਾਲ ਪਿੰਡ ਦੇ ਸਮਾਜ ਸੇਵੀ ਕੰਮਾਂ ਲਈ ਰੱਖਿਆ ਜਾਂਦਾ ਹੈ, ਜਿਨਾਂ ਵਿੱਚੋਂ ਸਿੱਖਿਆ ਸਿਹਤ ਸੇਵਾਵਾਂ ਅਤੇ ਪਿੰਡ ਦੇ ਰੋਜ਼ਮਰਾ ਦੇ ਕੰਮ ਹਨ। ਪਿੰਡ ਨੂੰ ਪਲਾਸਟਿਕ ਮੁਕਤ ਕਰਾਉਣ ਲਈ ਇਹ ਉਪਰਾਲਾ ਵਿੱਢਿਆ ਗਿਆ ਹੈ ਅਤੇ ਅੱਜ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਪਾਸ ਪਲਾਸਟਿਕ ਲੈ ਕੇ ਆ ਰਹੇ ਹਨ ਅਤੇ ਵਜਨ ਦੇ ਬਰਾਬਰ ਗੁੜ ਲੈ ਕੇ ਜਾ ਰਹੇ ਹਨ।
ਪਿੰਡ ਵਿੱਚ ਲਾਏ ਜਾ ਰਹੇ ਪ੍ਰੋਜੈਕਟ ਵਿੱਚ ਇਸ ਪਲਾਸਟਿਕ ਦੀ ਵਰਤੋਂ ਕੀਤੀ ਜਾਵੇਗੀ: ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ ਪਲਾਸਟਿਕ ਬਦਲੇ ਗੁੜ ਖੰਡ ਦਿੱਤੀ ਜਾਂਦੀ ਸੀ ਪਰ ਸੂਝਵਾਨ ਵਿਅਕਤੀਆਂ ਵੱਲੋਂ ਸੁਝਾਅ ਦਿੱਤੇ ਜਾਣ ਤੋਂ ਬਾਅਦ ਖੰਡ ਨੂੰ ਬੰਦ ਕਰਕੇ ਹੁਣ ਉਹਨਾਂ ਦੀ ਸੰਸਥਾ ਵੱਲੋਂ ਬਲਾਸਟਿਕ ਬਦਲੇ ਸਿਰਫ਼ ਗੁੜ ਹੀ ਵਜਨ ਦੇ ਬਰਾਬਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਇਕੱਠਾ ਕੀਤਾ ਗਿਆ ਪਲਾਸਟਿਕ ਇੱਕ ਜਗ੍ਹਾ ਸਟੋਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਉਹਨਾਂ ਦੇ ਪਿੰਡ ਵਿੱਚ ਪਲਾਸਟਿਕ ਨੂੰ ਲੈ ਕੇ ਲਾਏ ਜਾ ਰਹੇ ਪ੍ਰੋਜੈਕਟ ਵਿੱਚ ਇਸ ਪਲਾਸਟਿਕ ਦੀ ਵਰਤੋਂ ਕੀਤੀ ਜਾਵੇਗੀ ਅਤੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਉਹਨਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।