ਮੌੜ ਮੰਡੀ (ਬਠਿੰਡਾ) : ਪੰਜਾਬ ਵਿੱਚ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਹਰ ਵਰਗ ਜਿੱਥੇ ਚਿੰਤਤ ਨਜ਼ਰ ਆ ਰਿਹਾ ਹੈ। ਉੱਥੇ ਹੀ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮਾਲਵੇ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਨਵੀਂ ਸੋਚ ਨਵਾਂ ਪੰਜਾਬ ਬੈਨਰ ਹੇਠ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੂੰ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮੱਕੀ ਦੀ ਫਸਲ 'ਤੇ 2 ਸਾਲ ਲਈ ਐੱਮਐੱਸਪੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਵੱਡੇ ਪੱਧਰ 'ਤੇ ਮੱਕੀ ਦੀ ਫਸਲ
ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ "ਪੰਜਾਬ ਦੀ ਨਰਮਾ ਬੈਲਟ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਸਿਰਫ਼ 2 ਫੀਸਦ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਬੀਜੀ ਜਾ ਰਹੀ ਹੈ ਅਤੇ ਝੋਨੇ ਹੇਠ ਰਕਬਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਜੋ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਮਾਲਵੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੇ ਪੱਧਰ 'ਤੇ ਮੱਕੀ ਦੀ ਫਸਲ ਲਾਉਣ ਅਤੇ ਉਹ ਮੱਕੀ ਦੀ ਫਸਲ ਉੱਤੇ 2 ਸਾਲ ਲਈ ਐੱਮਐੱਸਪੀ ਦੇ ਕੇ ਖਰੀਦ ਕਰਨਗੇ।"

‘ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ’
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਵੈਸੇ ਐੱਮਐੱਸਪੀ ਦੇਣਾ ਸਰਕਾਰਾਂ ਦਾ ਕੰਮ ਹੈ ਪਰ ਉਹ ਇੱਕ ਕਾਰੋਬਾਰੀ ਵੀ ਹਨ। ਪੰਜਾਬ ਦੇ ਕਿਸਾਨਾਂ ਦਾ ਦਰਦ ਸਮਝਦੇ ਹੋਏ ਉਹ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਮੁੜ ਪ੍ਰਫੁੱਲਿਤ ਕਰਨ ਲਈ ਅਜਿਹੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕਰ ਰਹੇ ਹਨ। ਕਿਉਂਕਿ ਮੱਕੀ ਦੀ ਕਾਰਪੋਰੇਟ ਸੈਕਟਰ ਦੇ ਵਿੱਚ ਵੱਡੀ ਲੋੜ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਜਿੰਨੇ ਵੀ ਕਿਸਾਨ ਮੱਕੀ ਦੀ ਫਸਲ ਬੀਜਣਗੇ ਉਹ ਉਨ੍ਹਾਂ ਕਿਸਾਨਾਂ ਤੋਂ 2 ਸਾਲ ਲਈ ਐੱਮਐੱਸਪੀ 'ਤੇ ਮੱਕੀ ਖਰੀਦਣਗੇ। ਬਕਾਇਦਾ ਉਨ੍ਹਾਂ ਦੀਆਂ ਟੀਮਾਂ ਮਾਲਵੇ ਵਿੱਚ ਕੰਮ ਕਰ ਰਹੀਆਂ ਹਨ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮੱਕੀ ਦੀ ਫਸਲ ਲਾਉਣ ਨਾਲ ਸਰਕਾਰ ਦੀ ਬਿਜਲੀ ਦੀ ਬੱਚਤ ਹੁੰਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਤੀ ਏਕੜ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪੰਜਾਬ ਸਰਕਾਰ ਅਤੇ 15000 ਕੇਂਦਰ ਸਰਕਾਰ ਕਿਸਾਨਾਂ ਨੂੰ ਦੇਵੇ।