ਚੰਡੀਗੜ੍ਹ:ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਐਸ. ਐਸ. ਚੰਨੀ, ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ, ਭਾਜਪਾ ਦੇ ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਕਿਸਾਨ ਮੋਰਚਾ ਦੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਡੀ.ਐਸ. ਵਿਰਕ ਨੇ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਵਾਈਟ ਪੇਪਰ 'ਤੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਵਾਈਟ ਪੇਪਰ ਜਾਰੀ ਕਰਕੇ ਦੇਸ਼ ਦੇ ਲੋਕਾਂ ਨੂੰ ਆਈਨਾ ਦਿਖਾਇਆ ਕਿ ਯੂ.ਪੀ.ਏ. ਸਰਕਾਰ ਦੇ ਰਾਜ ਦੌਰਾਨ ਦੇਸ਼ ਦੀ ਆਰਥਿਕ ਹਾਲਤ ਕੀ ਸੀ ਅਤੇ ਅੱਜ ਐਨ.ਡੀ.ਏ. ਦੇ ਸ਼ਾਸਨ 'ਚ ਦੇਸ਼ ਦੀ ਆਰਥਿਕ ਸਥਿਤੀ ਕੀ ਹੈ। ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੇ ਸ਼ਾਸਨ ਵਿੱਚ ਅੱਜ ਭਾਰਤ ਦੁਨੀਆ ਦੀਆਂ ਪੰਜ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਚੁੱਕਾ ਹੈ।
ਵਿਸ਼ਵ ਮੰਚ 'ਤੇ ਆਪਣੀ ਇਕ ਵੱਖਰੀ ਪਛਾਣ:ਐੱਸ. ਐੱਸ. ਚੰਨੀ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਦੇ ਸ਼ਾਸਨ ਦੌਰਾਨ ਕੋਲਾ ਘੁਟਾਲਾ, ਸਪੈਕਟਰਮ ਘੁਟਾਲਾ, ਕਾਮਨਵੇਲਥ ਖੇਡਾਂ ਘੁਟਾਲਾ ਆਦਿ ਵਰਗੇ ਕਈ ਵੱਡੇ ਘੁਟਾਲੇ ਹੋਏ ਹਨ, ਜਿਸ ਕਾਰਨ ਦੁਨੀਆ 'ਚ ਭਾਰਤ ਦਾ ਅਕਸ ਖਰਾਬ ਹੋਇਆ ਅਤੇ ਅਤੇ ਦੇਸ਼ ਦਾ ਭਾਰੀ ਨੁਕਸਾਨ ਹੋਇਆ। ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਮੰਚ 'ਤੇ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ ਅਤੇ ਅੱਜ ਦੁਨੀਆ ਦੇ ਲਗਭਗ ਸਾਰੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਕੰਮ ਵਿਚ ਸਲਾਹ ਲੈਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਨੇ ਗਲੋਬਲ ਲੀਡਰ ਦਾ ਦਰਜਾ ਦਿੱਤਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਤੇਜ਼ੀ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ।
ਨਰਿੰਦਰ ਮੋਦੀ ਦੀ ਅਗਵਾਈ 'ਚ ਅੱਗੇ ਵਧਿਆ ਦੇਸ਼: ਉਨ੍ਹਾਂ ਕਿਹਾ ਕਿ ਯੂਪੀਏ ਸ਼ਾਸਨ ਦੌਰਾਨ 2008 ਦੀ ਛੋਟੀ ਮੰਦੀ ਦੌਰਾਨ ਭਾਰਤ ਦੀ ਆਰਥਿਕਤਾ ਬੁਰੀ ਤਰ੍ਹਾਂ ਡਗਮਗਾ ਗਈ ਸੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਜਦੋਂ 2019 ਵਿੱਚ ਵਿਸ਼ਵ ਵਿੱਚ ਫੈਲੀ ਕੋਵਿਡ ਮਹਾਂਮਾਰੀ ਦੌਰਾਨ ਪੂਰੀ ਦੁਨੀਆ ਦੀ ਆਰਥਿਕਤਾ ਡਗਮਗਾ ਗਈ ਸੀ, ਉਦੋਂ ਵੀ ਭਾਰਤ ਦੀ ਅਰਥਵਿਵਸਥਾ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਪ੍ਰਦਾਨ ਕੀਤਾ ਅਤੇ ਦੁਨੀਆ ਦੇ 70 ਤੋਂ ਵੱਧ ਦੇਸ਼ਾਂ ਨੂੰ ਕੋਵਿਡ ਵੈਕਸੀਨ ਮੁਹਇਆ ਕਰਕੇ ਦੋਸਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟੀਕ ਅਤੇ ਨਿਰਣਾਇਕ ਫੈਸਲਿਆਂ ਅਤੇ ਅਗਾਂਹਵਧੂ ਸੋਚ ਸਦਕਾ ਸੰਭਵ ਹੋਇਆ ਹੈ। ਵਿਸ਼ਵ ਦੀ ਆਰਥਿਕ ਵਿਕਾਸ ਦਰ 3 ਫੀਸਦੀ ਹੈ, ਜਦੋਂ ਕਿ ਭਾਰਤ ਦੀ 7.3ਫੀਸਦੀ ਹੈ।