ਕਮਲਜੀਤ ਬਰਾੜ ਨਾਲ ਖਾਸ ਗੱਲਬਾਤ (Etv Bharat Ludhiana) ਲੁਧਿਆਣਾ :ਕਮਲਜੀਤ ਬਰਾੜ ਨੇ ਇਸ ਵਾਰ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਅਤੇ ਨਾਮਜ਼ਦਗੀ ਵੀ ਦਾਖਲ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਹੁਣ ਚੋਣ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ। ਕਮਲਜੀਤ ਬਰਾੜ ਪੁਰਾਣੇ ਕਾਂਗਰਸੀ ਲੀਡਰ ਰਹੇ ਹਨ। ਉਨ੍ਹਾਂ ਦੇ ਪਿਤਾ ਪੰਜਾਬ ਕਾਂਗਰਸ ਸਰਕਾਰ ਦੇ ਵੇਲੇ ਕੈਬਨਿਟ ਦੇ ਵਿੱਚ ਮੰਤਰੀ ਰਹੇ ਅਤੇ ਕਮਲਜੀਤ ਬਰਾੜ ਦਾ ਖੁਦ ਦਾ ਕਾਂਗਰਸ ਦੇ ਵਿੱਚ ਕਾਫੀ ਊਚਾ ਕੱਦ ਸੀ ਇੱਥੋਂ ਤੱਕ ਕਿ ਉਹ ਮੋਗਾ ਜਿਲ੍ਹੇ ਦੇ ਪ੍ਰਧਾਨ ਤੱਕ ਰਹਿ ਚੁੱਕੇ ਹਨ। ਯੂਥ ਕਾਂਗਰਸ ਲਈ ਉਨ੍ਹਾਂ ਨੇ ਅੱਠ ਸਾਲ ਤੋਂ ਵਧੇਰੇ ਕੰਮ ਕੀਤਾ ਪਰ ਅੰਮ੍ਰਿਤਪਾਲ ਦਾ ਸਮਰਥਨ ਕਰਨਾ ਉਨ੍ਹਾਂ ਨੂੰ ਉਦੋਂ ਮਹਿੰਗਾ ਪੈ ਗਿਆ ਜਦੋਂ ਉਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਹੁਣ ਕਮਲਜੀਤ ਬਰਾੜ ਖੁੱਲ ਕੇ ਪੰਜਾਬ ਪੰਜਾਬੀਆਂ ਦੇ ਲਈ ਰਿਵਾਇਤੀ ਪਾਰਟੀਆਂ ਦੇ ਖਿਲਾਫ ਨਿੱਤਰ ਆਏ ਹਨ।
ਕੌਣ ਹੈ ਕਮਲਜੀਤ ਸਿੰਘ ਬਰਾੜ:ਕਮਲਜੀਤ ਬਰਾੜ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਬੇਟੇ ਅਤੇ ਮੋਗਾ ਕਾਂਗਰਸ ਦੇ ਸਾਬਕਾ ਪ੍ਰਧਾਨ ਹਨ। ਬਰਾੜ ਨੇ ਅੱਠ ਸਾਲ ਯੂਥ ਕਾਂਗਰਸ ਦੇ ਵਿੱਚ ਕੰਮ ਕੀਤਾ ਹੈ। ਅਮਰਿੰਦਰ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਰਨ ਤੋਂ ਬਾਅਦ ਹੀ ਉਨ੍ਹਾਂ ਨੇ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵੱਜੋਂ ਰਾਜਾ ਬੜਿੰਗ ਦੇ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਸੀ। ਕਮਲਜੀਤ ਬਰਾੜ ਰਾਹੁਲ ਗਾਂਧੀ ਦੀ ਟੀਮ ਦੇ ਕਾਫੀ ਐਕਟਿਵ ਮੈਂਬਰ ਰਹੇ ਹਨ। ਜਮੀਨੀ ਪੱਧਰ ਤੇ ਉਸਨੇ ਕਾਂਗਰਸ ਦੇ ਲਈ ਕਾਫੀ ਸਾਲ ਤੱਕ ਕੰਮ ਕੀਤਾ। ਅੰਮ੍ਰਿਤਪਾਲ ਦੇ ਪੱਖ ਦੇ ਵਿੱਚੋਂ ਕਮਲਜੀਤ ਨੂੰ ਬਿਆਨ ਦੇਣਾ ਉਦੋਂ ਮਹਿੰਗਾ ਪੈ ਗਿਆ ਸੀ ਜਦੋਂ ਹਾਈ ਕਮਾਂਡ ਵੱਲੋਂ ਉਸ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ।
ਲੁਧਿਆਣਾ ਤੋਂ ਚੋਣ ਲੜਨ ਦੇ ਕਾਰਨ: ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਮਲਜੀਤ ਬਰਾੜ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਿਰਫ ਰਾਜਾ ਵੜਿੰਗ ਕਰਕੇ ਹੀ ਲੁਧਿਆਣਾ ਤੋਂ ਚੋਣ ਲੜਨ ਦਾ ਫੈਸਲਾ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਚੋਣ ਲੜਨ ਦਾ ਫੈਸਲਾ ਇਸ ਕਰਕੇ ਕੀਤਾ ਹੈ ਕਿਉਂਕਿ ਲੁਧਿਆਣਾ ਵਿੱਚ ਪਿਛਲੇ ਕਈ ਸਾਲਾਂ ਤੋਂ ਵਿਕਾਸ ਹੋਇਆ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਕਈ ਅਜਿਹੇ ਪਿੰਡ ਵੀ ਹਨ ਜਿੱਥੇ ਹਾਲੇ ਤੱਕ ਬੱਸਾਂ ਨਹੀਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੇ ਦਾਅਵੇ ਤਾਂ ਜਰੂਰ ਕੀਤੇ ਪਰ ਕਿਸੇ ਨੇ ਕੰਮ ਨਹੀਂ ਕੀਤਾ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਚੋਣ ਮੈਦਾਨ ਦੇ ਵਿੱਚ ਤਿੰਨ ਸਾਬਕਾ ਕਾਂਗਰਸੀ ਅਤੇ ਇੱਕ ਮੌਜੂਦਾ ਕਾਂਗਰਸੀ ਸ਼ਾਮਿਲ ਹੈ ਤਾਂ ਉਨ੍ਹਾਂ ਕਿਹਾ ਕਿ ਹੁਣ ਉਹ ਕਾਂਗਰਸ ਤੋਂ ਪੂਰੀ ਤਰਹਾਂ ਪਿੱਛੇ ਹੱਟ ਚੁੱਕੇ ਹਨ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਲੋਕ ਪੰਥਕ ਏਜੰਡੇ ਨਾਲ ਜੋੜ ਕੇ ਵੇਖ ਰਹੇ ਹਨ। ਉਨ੍ਹਾਂ ਕਿਹਾ ਪਰ ਜਦੋਂ ਕਿ ਉਹ ਹਿੰਦੂ ਭਾਈਚਾਰੇ ਦੀ ਵੀ ਗੱਲ ਕਰਦੇ ਹਨ ਦਲਿਤ ਭਾਈਚਾਰੇ ਦੀ ਵੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਆਪ ਨੂੰ ਹਿੰਦੂ ਭਾਈਚਾਰੇ ਦਾ ਸਮਰਥਕ ਹੋਣ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਜਾ ਕੇ ਪੁੱਛੋ ਕਿ ਉਨ੍ਹਾਂ ਨੇ 1984 ਦੇ ਵਿੱਚ ਜੋ ਹਜਾਰਾ ਹੀ ਬੇਦੋਸ਼ ਹਿੰਦੂ ਭਾਈਚਾਰੇ ਨੂੰ ਮਾਰਿਆ ਗਿਆ ਕਦੇ ਉਨ੍ਹਾਂ ਦੀ ਕਦੇ ਉਨ੍ਹਾਂ ਦੇ ਹੱਕਾਂ ਦੀ ਗੱਲ ਕੀਤੀ।
ਕਈ ਪਾਰਟੀਆਂ ਤੋਂ ਆਏ ਆਫਰ: ਕਮਲਜੀਤ ਬਰਾੜ ਨੂੰ ਜਦੋਂ ਪੁੱਛਿਆ ਗਿਆ ਨੇ ਜਿਵੇਂ ਇਸ ਵਾਰ ਪੰਜਾਬ 'ਚ ਦਲ ਬਦਲੀਆਂ ਚੱਲ ਰਹੀਆਂ ਨੇ ਉਨ੍ਹਾਂ ਨੂੰ ਵੀ ਕਈ ਪਾਰਟੀਆਂ ਨੂੰ ਆਫਰ ਆਈਆਂ ਸਨ। ਉਨ੍ਹਾਂ ਕਿਹਾ ਕਿ ਮੈਨੂੰ ਲਾਲਚ ਵੀ ਦਿੱਤੇ ਗਏ ਅਤੇ ਅਹੁਦਿਆਂ ਨੂੰ ਲੈ ਕੇ ਵੀ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਪਾਰਟੀ ਤੋਂ ਨਹੀਂ ਪਤਾ ਨਹੀਂ ਕਿੰਨੀਆਂ ਪਾਰਟੀਆਂ ਤੋਂ ਉਨ੍ਹਾਂ ਨੂੰ ਆਫਰ ਆਈਆਂ, ਪਰ ਉਨ੍ਹਾਂ ਨੇ ਪੰਜਾਬ ਦੀ ਸੇਵਾ ਕਰਨ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਜੇਕਰ ਮੈਂ ਚਾਹੁੰਦਾ ਤਾ ਕਿਸੇ ਵੀ ਪਾਰਟੀ ਦੇ ਵਿੱਚ ਜਾ ਕੇ ਕਿਤੋਂ ਵੀ ਟਿਕਟ ਹਾਸਿਲ ਕਰ ਸਕਦਾ ਸੀ। ਪਰ ਮੈਂ ਕਿਹਾ ਕਿ ਮੈਂ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਚੋਣ ਮੈਦਾਨ ਦੇ ਵਿੱਚ ਆਇਆ ਹਾਂ ਅਤੇ ਆਪਣੇ ਦਮ ਤੇ ਚੋਣ ਲੜਾਂਗੇ। ਉਨ੍ਹਾਂ ਕਿਹਾ ਕਿ ਸਾਡਾ ਇੱਕੋ ਇੱਕ ਏਜੰਡਾ ਪੰਜਾਬ ਦੀ ਰਾਖੀ ਕਰਨਾ ਹੈ ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਪੰਥਕ ਏਜੰਡੇ ਤੇ ਚੱਲ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਜੇਕਰ ਪੂਰੇ ਦੇਸ਼ ਦੇ ਵਿੱਚ ਭਗਵਾ ਲਹਿਰਾਇਆ ਜਾ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਕੇਸਰੀ ਕਿਉਂ ਨਹੀਂ ਲਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਕੇਸਰੀ ਹੀ ਲਹਿਰੇਗਾ ਅਤੇ ਅਸੀਂ ਉਸ ਲਈ ਲਗਾਤਾਰ ਲੜਾਈ ਕਰਾਂਗੇ।
ਜੋੜ ਤੋੜ ਦੀ ਸਿਆਸਤ:ਜੋੜ ਤੋੜ ਦੀ ਸਿਆਸਤ ਵੀ ਦੂਜੇ ਪਾਸੇ ਲਗਾਤਾਰ ਸਿਖਰਾਂ ਤੇ ਚੱਲ ਰਹੀ ਹੈ। ਇੱਕ ਪਾਸੇ ਜਿੱਥੇ ਸਿਮਰਜੀਤ ਬੈਂਸ ਨੇ ਰਾਜਾ ਵੜਿੰਗ ਦੇ ਹੱਕ ਵਿੱਚ ਨਿਤਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਉੱਥੇ ਹੀ ਦੂਜੇ ਪਾਸੇ ਕਮਲਜੀਤ ਬਰਾੜ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਰਾਜਾ ਵੜਿੰਗ ਦੀਆਂ ਵੋਟਾਂ ਤੋੜ ਸਕਦੇ ਹਨ। ਹਾਲਾਂਕਿ ਉਨ੍ਹਾਂ ਨੂੰ ਜਦੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੋੜ ਤੋੜ ਦੀ ਸਿਆਸਤ ਚ ਉਹ ਯਕੀਨ ਨਹੀਂ ਰੱਖ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਕਰਨ ਲਈ ਪਹੁੰਚੇ ਹਨ ਆਪਣੇ ਮੁੱਦਿਆਂ ਤੇ ਉਹ ਚੋਣ ਲੜਨਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਮੁੱਦਿਆਂ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਇਹ ਸਿਆਸੀ ਦਲ ਕਿੱਥੇ ਸੀ, ਹਾਲਾਂਕਿ ਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਰਵਨੀਤ ਬਿੱਟੂ ਤਾਂ ਜੰਤਰ ਮੰਤਰ ਤੇ ਬਾਕੀ ਐਮ.ਪੀ. ਨਾਲ ਬੈਠੇ ਸਨ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਲੋੜ ਨਹੀਂ ਸੀ ਜੇਕਰ ਲੋੜ ਸੀ ਤਾਂ ਸਾਰੇ ਹੀ ਸਿਆਸੀ ਦਲ ਆ ਕੇ ਉੱਥੇ ਬੈਠਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਕਿਸਾਨ ਧਰਨੇ ਨੂੰ ਖਰਾਬ ਹੀ ਕੀਤਾ ਹੈ।