ਰਾਜਦੀਪ ਸਿੰਘ, ਡਿਪਟੀ ਡਾਇਰੈਕਟਰ,ਪਸ਼ੂ ਪਾਲਣ ਵਿਭਾਗ ਬਠਿੰਡਾ: ਮਾਲਵਾ ਬੈਲਟ ਵਿੱਚ ਅਣਜਾਣ ਵਾਇਰਸ ਦੇ ਫੈਲਣ ਕਾਰਣ ਪਸ਼ੂ ਧੰਨ ਦੇ ਹੋਏ ਨੁਕਸਾਨ ਤੋਂ ਬਾਅਦ ਹੁਣ ਪਸ਼ੂ ਪਾਲਣ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਵਾਇਰਸ ਨੂੰ ਲੈ ਕੇ ਵੱਡੀ ਪੱਧਰ ਉੱਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਅਤੇ ਇਸ ਦੇ ਨਾਲ ਹੀ ਪਸ਼ੂਆਂ ਨੂੰ ਵੈਕਸੀਨੇਸ਼ਟ ਵੀ ਕੀਤਾ ਜਾ ਰਿਹਾ ਹੈ। ਅਣਜਾਣ ਵਾਇਰਸ ਕਾਰਨ ਮਾਲਵੇ ਦੇ ਕਈ ਪਿੰਡਾਂ ਅੰਦਰ ਵੱਡੀ ਗਿਣਤੀ ਵਿੱਚ ਪਸ਼ੂ ਧਨ ਦਾ ਭਾਰੀ ਨੁਕਸਾਨ ਹੋਇਆ ਸੀ ਅਤੇ ਪਸ਼ੂ ਪਾਲਕਾਂ ਦੇ ਲੱਖਾਂ ਰੁਪਏ ਦੇ ਦਧਾਰੂ ਪਸ਼ੂ ਮੌਤ ਦਾ ਸ਼ਿਕਾਰ ਹੋ ਗਏ ਸਨ।
ਅਣਜਾਣ ਵਾਇਰਸ ਦੇ ਫੈਲਣ ਦੇ ਕਾਰਨਾਂ ਨੂੰ ਜਾਨਣ ਲਈ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਪਿੰਡ-ਪਿੰਡ ਜਾ ਕੇ ਵਾਇਰਸ ਫੈਲਣ ਦੇ ਜਿੱਥੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਸੀ ਉੱਥੇ ਹੀ ਪਸ਼ੂ ਪਾਲਣ ਵਿਭਾਗ ਵੱਲੋਂ ਅਣਗਹਿਲੀ ਦਿਖਾਉਣ ਵਾਲੇ ਅਧਿਕਾਰੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਗਈ ਸੀ।
ਹੁਣ ਜਿਵੇ ਹੀ ਪੰਜਾਬ ਵਿੱਚ ਮੌਸਮ ਤਬਦੀਲ ਹੋ ਰਿਹਾ ਹੈ ਤਾਂ ਪਸ਼ੂਆਂ ਉੱਤੇ ਲੰਪੀ ਸਕਿੰਨ ਨਾਮ ਦੀ ਬਿਮਾਰੀ ਫੈਲਣ ਦਾ ਖਤਰਾ ਮੰਡਰਾਉਣ ਲੱਗਿਆ ਹੈ। ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਲੰਪੀ ਸਕਿਨ ਬਿਮਾਰੀ ਨੂੰ ਰੋਕਣ ਲਈ ਅਗੇਤੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਪੰਜਾਬ ਵਿੱਚ ਲੰਪੀ ਚਮੜੀ ਰੋਗ ਦੀ ਰੋਕਥਾਮ ਲਈ ਜੰਗੀ ਪੱਧਰ ਉੱਤੇ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਰਾਜਦੀਪ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਲੰਪੀ ਸਕਿਨ ਨੂੰ ਪਸ਼ੂਆਂ ਵਿੱਚ ਟਾਲਣ ਤੋਂ ਰੋਕਣ ਲਈ 18 ਲੱਖ ਵੈਕਸੀਨੇਸ਼ਨ ਮੰਗਵਾਈ ਗਈ ਹੈ। ਜਿਸ ਵਿੱਚੋਂ ਜ਼ਿਲ੍ਹਾ ਬਠਿੰਡਾ ਵਿੱਚ ਇੱਕ ਲੱਖ ਪੰਜਾਹ ਹਜ਼ਾਰ ਵੈਕਸੀਨ ਪਸ਼ੂਆਂ ਨੂੰ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ 7 ਲੱਖ ਵੈਕਸੀਨ ਹੋਰ ਪੰਜਾਬ ਸਰਕਾਰ ਵੱਲੋਂ ਲੰਪੀ ਸਕਿੰਨ ਨੂੰ ਲੈ ਕੇ ਭੇਜੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵੈਕਸੀਨ ਹਰ ਉਸ ਪਸ਼ੂ ਨੂੰ ਲਗਾਈ ਜਾ ਸਕਦੀ ਹੈ ਜਿਸ ਦੀ ਉਮਰ ਤਿੰਨ ਮਹੀਨਿਆਂ ਤੋਂ ਉੱਪਰ ਹੈ। ਉਹਨਾਂ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਲੰਪੀ ਚਮੜੀ ਰੋਗ ਇੱਕ ਵਿਸ਼ਾਣੂ ਰੋਗ ਹੈ ਅਤੇ ਵਿਸ਼ਾਣੂ ਰੋਗਾਂ ਦਾ ਕੋਈ ਇਲਾਜ਼ ਨਹੀਂ ਹੁੰਦਾ, ਸਿਰਫ਼ ਟੀਕਾਕਰਣ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪਸ਼ੂ ਇਸ ਟੀਕਾਕਰਣ ਤੋਂ ਵਾਂਝਾ ਨਾ ਰਹੇ ਤਾਂ ਜੋ ਇਸ ਬਿਮਾਰੀ ਨੂੰ ਜ਼ਿਆਦਾ ਫ਼ੈਲਣ ਤੋਂ ਰੋਕਿਆ ਜਾ ਸਕੇ।