ਅੰਮ੍ਰਿਤਸਰ :ਅਜਨਾਲਾ ਸ਼ਹਿਰ ਅੰਦਰ ਦਿਨ ਪ੍ਰਤੀ ਦਿਨ ਚੋਰੀ ਅਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਅੱਜ ਤੜਕਸਾਰ ਦੋ ਦੁਕਾਨਾਂ ‘ਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਜਨਾਲਾ 'ਚ ਚੋਰ ਕਿਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਸੁੱਕਾ ਮੇਵਾ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਇਹ ਘਟਨਾ ਰਾਤ ਦੀ ਦੱਸੀ ਜਾ ਰਹੀ ਹੈ।
ਇਸ ਮੌਕੇ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਸਵੇਰੇ ਕਰੀਬ 3:30 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਤੇ ਸ਼ਟਰ ਖੁੱਲ੍ਹਾ ਪਿਆ ਹੈ। ਉਹਨਾਂ ਦੁਕਾਨ 'ਤੇ ਆ ਕੇ ਦੇਖਿਆ ਕਿ ਸਾਮਾਨ ਖਿਲਰਿਆ ਪਿਆ ਸੀ। ਦੁਕਾਨ 'ਚੋਂ ਪੈਸੇ ਵੀ ਗਾਇਬ ਸਨ ਅਤੇ ਦੁਕਾਨ 'ਤੇ ਕਾਜੂ ਅਤੇ ਅਖਰੋਟ ਦੇ ਲਿਫਾਫੇ ਵੀ ਨਹੀਂ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਾਣਕਾਰੀ ਅਨੁਸਾਰ ਪਹਿਲਾਂ ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦਾ ਮੂੰਹ ਉੱਪਰ ਵੱਲ ਨੂੰ ਮੋੜ ਦਿੱਤਾ ਤੇ ਫਿਰ ਚੋਰੀ ਕੀਤੀ ਗਈ। ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ।