ਚੰਡੀਗੜ੍ਹ :ਚੰਡੀਗੜ੍ਹ ਦੇ ਸੈਕਟਰ ਦੱਸ ਵਿੱਚ ਬੰਬ ਧਮਾਕਾ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮਾਮਲੇ ਸਬੰਧੀ ਸਭ ਤੋਂ ਵੱਡੀ ਅੱਪਡੇਟ ਇਹ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਗਰਨੇਡ ਅਟੈਕ ਕਰਨ ਵਾਲੇ ਮੁਲਜ਼ਮਾਂ ਦੇ ਸਬੰਧ ਪਕਿਸਤਾਨ 'ਚ ਬੈਠੇ ਹਰਵਿੰਦਰ ਰਿੰਦਾ ਨਾਲ ਹਨ, ਜਿਸ ਨੇ ਪਾਕਿਸਤਾਨ ਦੀ ISI ਦੇ ਨਿਰਦੇਸ਼ਾਂ ਦੇ ਇਸ਼ਾਰੇ 'ਤੇ ਇਸ ਬੰਬ ਧਮਾਕੇ ਨੂੰ ਅੰਜਾਮ ਦਿੱਤਾ ਹੈ। ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮਾਮਲੇ ਸਬੰਧੀ ਅੱਜ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨਾਂ ਵਿੱਚ ਰੋਹਨ ਮਸੀਹ ਅਤੇ ਉਸਦਾ ਇੱਕ ਸਾਥ ਸ਼ਾਮਲ ਹੈ ਅਤੇ ਇਹਨਾਂ ਨੇ ਯੁਐਸ ਦੇ ਰਹਿਣ ਵਾਲੇ ਹੈਪੀ ਪਾਸੀਆਂ ਦੇ ਇਸ਼ਾਰੇ 'ਤੇ ਇਹ ਯੋਜਨਾ ਬਣਾਈ ਅਤੇ ਅੱਗੇ ਇਸ ਧਮਾਕੇ ਨੂੰ ਕਰਵਾਇਆ ਗਿਆ ਜਿਸ ਦਾ ਮਾਸਟਰ ਮਾਈਂਡ ਰਿੰਦਾ ਹੈ।
ਨਾਲ ਹੀ ਗੌਰਵ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਮਿਲ ਕੇ ਜਲਦ ਹੀ ਮਸਲੇ ਨੂੰ ਪੂਰੀ ਤਰ੍ਹਾਂ ਸੁਲਝਾ ਲੈਣਗੇ। ਨਾਲ ਹੀ ਉਹਨਾਂ ਸੂਬੇ ਦੀ ਅਮਨ ਕਾਨੂੰਨ ਨੂੰ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ।
ਖੰਨਾ 'ਚ ਕਾਬੂ ਕੀਤੇ ਮੁਲਜ਼ਮ
ਦੱਸਦਈਏ ਕਿ ਅੱਜ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਖੰਨਾ ਤੋਂ ਬੰਬ ਧਮਾਕੇ ਦੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਦੇ (ਟਵਿੱਟਰ) ਐਕਸ ਰਾਹੀਂ ਦਿੱਤੀ। ਉਹਨਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਹਿਚਾਣ ਰੋਹਨ ਮਸੀਹ ਵੱਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਪਾਸੀਆਂ ਦਾ ਰਹਿਣ ਵਾਲਾ ਹੈ, ਜੋ ਕਿ ਆਪਣੇ ਇੱਕ ਦੋਸਤ ਨਾਲ ਮਿਲ ਕੇ ਚੰਡੀਗੜ੍ਹ ਬਲਾਸਟ ਕਰਨ ਲਈ ਆਇਆ ਸੀ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗ੍ਰਨੇਡ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।