ਪਠਾਨਕੋਟ: ਅੱਜ ਦੇ ਸਮੇਂ ਵਿੱਚ ਇਨਸਾਨ ਕਿਸੇ ਉੱਤੇ ਵੀ ਯਕੀਨ ਨਹੀਂ ਕਰ ਸਕਦਾ ਚਾਹੇ ਉਸਦੇ ਨਾਲ ਕਿਸੇ ਨੇ ਜਿਉਣ-ਮਰਨ ਦੀਆਂ ਕਸਮਾਂ ਖਾਦੀਆਂ ਹੋਣ। ਅਜਿਹਾ ਹੀ ਇੱਕ ਮਾਮਲਾ ਬਮਿਆਲ ਸੈਕਟਰ ਦੇ ਵਿੱਚ ਪੈਂਦੇ ਪਿੰਡ ਪਲਾਹ ਵਿਖੇ ਦੇਖਣ ਨੂੰ ਮਿਲਿਆ। ਜਿੱਥੇ ਇੱਕ ਬੀਐਸਐਫ ਦਾ ਜਵਾਨ ਜੋ ਛੁੱਟੀ ਕੱਟਣ ਲਈ ਆਪਣੇ ਘਰ ਆਇਆ ਹੋਇਆ ਸੀ, ਇਸ ਦੌਰਾਨ ਅਚਾਨਕ ਉਸ ਦੀ ਸਿਹਤ ਵਿਗੜ ਗਈ।
ਖਾਣੇ 'ਚ ਮਿਲਾ ਕੇ ਦਿੱਤਾ ਜ਼ਹਿਰ:ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਲਾਜ ਦੇ ਲਈ ਪਠਾਨਕੋਟ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ, ਜਿੱਥੇ ਇਹ ਖੁਲਾਸਾ ਹੋਇਆ ਕਿ ਉਸ ਨੂੰ ਖਾਣੇ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ। ਬੀਐਸਐਫ ਦੇ ਜਵਾਨ ਨੂੰ ਉਸ ਦੀ ਪਤਨੀ ਨੇ ਖਾਣੇ ਦੇ ਵਿੱਚ ਜ਼ਹਰੀਲਾ ਪਦਾਰਥ ਦਿੱਤਾ ਸੀ ਕਿਉਂਕਿ ਉਸਦਾ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਇਸ ਨੂੰ ਲੈ ਕੇ ਪੀੜਤ ਆਪਣੀ ਪਤਨੀ ਨੂੰ ਰੋਕਦਾ ਵੀ ਸੀ। ਪਤਨੀ ਨੇ ਇਸ ਕਿੱਸੇ ਨੂੰ ਖਤਮ ਕਰਨ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਫਿਲਹਾਲ ਬੀਐਸਐਫ ਦੇ ਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ।