ਬਰਨਾਲਾ: ਬੀਤੇ ਦਿਨੀਂ ਬਰਨਾਲਾ 'ਚ ਭਿਆਨਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬਰਨਾਲਾ-ਮਾਨਸਾ ਰੋਡ 'ਤੇ ਇੱਕ ਨਿੱਜੀ ਫੈਕਟਰੀ ਦੀ ਪਾਰਕਿੰਗ 'ਚ ਖੜ੍ਹੇ ਇੱਕ ਟਰੱਕ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋ ਵਿਅਕਤੀ ਝੁਲਸ ਗਏ ਅਤੇ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕ ਵਿਅਕਤੀ ਤਾਮਿਲਨਾਡੂ ਦੇ ਰਹਿਣ ਵਾਲੇ ਸਨ, ਕਿਉਂਕਿ ਗੱਡੀ ਤਾਮਿਲਨਾਡੂ ਰਾਜ ਦੀ ਸੀ। ਫਿਲਹਾਲ ਲਾਸ਼ਾਂ ਨੂੰ ਮੋਰਚਰੀ 'ਚ ਰੱਖ ਕੇ ਪੜਤਾਲ ਕੀਤੀ ਜਾ ਰਹੀ ਹੈ।
ਚਸ਼ਮਦੀਦ ਨੇ ਕੀਤਾ ਹਾਲ ਬਿਆਨ
ਇਸ ਮੌਕੇ ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਪਾਰਕਿੰਗ ਵਿੱਚ ਖੜ੍ਹਾ ਟਰੱਕ ਡਰਾਈਵਰ ਰਾਤ ਸਮੇਂ ਪਾਰਕਿੰਗ ਵਿੱਚ ਹੀ ਰੁਕਿਆ ਹੋਇਆ ਸੀ ਅਤੇ ਸ਼ਾਇਦ ਅੰਦਰ ਕੁਝ ਖਾਣਾ ਬਣਾ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਜਿਸ ਕਾਰਨ ਟਰੱਕ ਦੇ ਕੈਬਿਨ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਟਰੱਕ ਵਿੱਚ ਸਵਾਰ ਦੋਵੇਂ ਵਿਅਕਤੀ ਝੁਲਸ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੋਜੂਦ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਇਹ ਅੱਗ ਬੁਝਾਈ ਜਾਂਦੀ ਉਦੋਂ ਤੱਕ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ।
ਜਾਂਚ 'ਚ ਜੁਟੀ ਪੁਲਿਸ
ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਅੰਦਰ ਕੋਈ ਬਿਜਲੀ ਦੀ ਸਪਾਰਕਿੰਗ ਸੀ ਜਾਂ ਅੰਦਰ ਖਾਣਾ ਪਕਾਉਂਦੇ ਸਮੇਂ ਕੋਈ ਸਿਲੰਡਰ ਫਟਿਆ ਹੈ, ਜਾਂ ਫਿਰ ਮ੍ਰਿਤਕ ਕਿਸੇ ਚੁੱਲ੍ਹੇ ਆਦਿ ਦੀ ਵਰਤੋਂ ਕਰ ਰਹੇ ਸਨ। ਟਰੱਕ ਦੇ ਬੁਰੀ ਤਰ੍ਹਾਂ ਸੜ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਾਸ਼ ਨੂੰ ਮੁਰਦਾਘਰ 'ਚ ਰੱਖਿਆ ਗਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਵਾਰਿਸਾਂ ਦਾ ਪਤਾ ਲੱਗਦੇ ਹੀ ਲਾਸ਼ਾਂ ਸੌਂਪ ਦਿੱਤੀਆਂ ਜਾਣਗੀਆਂ।