ਜਗਦੀਸ਼ ਗਰਚਾ ਦੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਲੁਧਿਆਣਾ:ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਬਕਾ ਕੈਬਨਿਟ ਮੰਤਰੀ ਰਹੇ ਜਗਦੀਸ਼ ਗਰਚਾ ਘਰ ਪਹੁੰਚ ਰਹੇ ਹਨ। ਦੱਸ ਦਈਏ ਜਗਦੀਸ਼ ਗਰਚਾ ਬੀਤੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸਨ। ਇਸ ਤੋਂ ਬਾਅਦ ਹੁਣ ਅਕਾਲੀ ਦਲ ਵੱਲੋਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਚੱਲ ਰਹੀ ਹੈ। ਇਸ ਤੋਂ ਪਹਿਲਾਂ ਪਾਰਟੀ ਨੂੰ ਛੱਡ ਕੇ ਵੱਖ ਹੋਏ ਸੁਖਦੇਵ ਢੀਡਸਾ ਅਤੇ ਜਗੀਰ ਕੌਰ ਦੀ ਵੀ ਅਕਾਲੀ ਦਲ ਵਿੱਚ ਵਾਪਸੀ ਹੋਈ ਸੀ।
ਬਾਦਲ ਪਰਿਵਾਰ ਨਾਲ ਗੂੜਾ ਸਬੰਧ: ਹੁਣ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੀਸ਼ ਗਰਚਾ ਨੂੰ ਅੱਜ ਉਨ੍ਹਾਂ ਦੇ 90ਵੇਂ ਜਨਮਦਿਨ ਮੌਕੇ ਪਾਰਟੀ ਵਿੱਚ ਵਾਪਸੀ ਕਰਨ ਲਈ ਬੇਨਤੀ ਕਰ ਸਕਦੇ ਹਨ। ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆਂ ਜਗਦੀਸ਼ ਗਰਚਾ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਕਈ ਦਹਾਕੇ ਉਨ੍ਹਾਂ ਦੇ ਪਰਿਵਾਰ ਦਾ ਗੂੜਾ ਸਬੰਧ ਰਿਹਾ ਅਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਹਮੇਸ਼ਾ ਉਨ੍ਹਾਂ ਦਾ ਮਾਣ ਸਤਿਕਾਰ ਕੀਤਾ।
ਸੁਖਬੀਰ ਬਾਦਲ ਦਾ ਸਵਾਗਤ:ਜਗਦੀਸ਼ ਗਰਚਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਉਨ੍ਹਾਂ ਦੀ ਲੜਾਈ ਸਿਧਾਂਤਕ ਸੀ ਇਸ ਲਈ ਉਹ ਪਾਰਟੀ ਨੂੰ ਛੱਡ ਕੇ ਵੱਖ ਹੋਏ ਸਨ ਪਰ ਬਾਦਲ ਪਰਿਵਾਰ ਦੀ ਅੱਜ ਵੀ ਉਨ੍ਹਾਂ ਦੇ ਦਿਲ ਵਿੱਚ ਉਹੀ ਸਤਿਕਾਰਯੋਗ ਥਾਂ ਹੈ ਜੋ ਪਹਿਲਾਂ ਸੀ। ਗਰਚਾ ਨੇ ਕਿਹਾ ਕਿ ਉਹ ਆਪਣੇ ਜਨਮਦਿਨ ਉੱਤੇ ਸਭ ਕੁੱਝ ਭੁੱਲ ਕੇ ਸੁਖਬੀਰ ਬਾਦਲ ਦਾ ਘਰ ਪਹੁੰਚਣ ਮੌਕੇ ਸਵਾਗਤ ਕਰਨਗੇ।
ਬੇਟਾ ਲੜੇਗਾ ਚੋਣ:ਜਦੋਂ ਜਗਦੀਸ਼ ਗਰਚਾ ਨੂੰ ਸਵਾਲ ਕੀਤਾ ਗਿਆ ਕਿ ਕੀ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ ਉਪਰੰਤ ਲੋਕ ਸਭਾ ਚੋਣਾਂ ਲੜਨਗੇ ਤਾਂ ਗਰਚਾ ਨੇ ਸਪੱਸ਼ਟ ਜਵਾਬ ਦਿੱਤਾ ਕਿ ਹੁਣ ਇਲੈਕਸ਼ਨ ਲੜਨ ਦੀ ਉਮਰ ਉਨ੍ਹਾਂ ਦੀ ਨਹੀਂ ਹੈ ਪਰ ਹਾਂ ਉਨ੍ਹਾਂ ਦੇ ਬੇਟੇ ਨੂੰ ਜੇਕਰ ਪਾਰਟੀ ਨੇ ਸੇਵਾ ਲਾਈ ਤਾਂ ਉਹ ਪੂਰੀ ਤਨਦੇਹੀ ਨਾਲ ਚੋਣ ਮੈਦਾਨ ਵਿੱਚ ਉਤਰਨਗੇ। ਗਰਚਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ਼ ਉਮੀਦਵਾਰਾਂ ਦੀ ਕਮੀ ਨਹੀਂ ਹੈ ਅਤੇ ਹਰੇਕ ਸੀਟ ਲਈ ਕਈ- ਕਈ ਉਮੀਦਵਾਰ ਮਿਲ ਜਾਣਗੇ।