ਲੁਧਿਆਣਾ:ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਚੰਡੀਗੜ੍ਹ ਮੇਅਰ ਦੇ ਮੁੱਦੇ ਉੱਤੇ ਵੱਡਾ ਬਿਆਨ ਦਿੰਦੇ ਹੋ ਕਿਹਾ ਹੈ ਕਿ ਇਹ ਲੋਕਤੰਤਰ ਦਾ ਘਾਣ ਹੈ। ਉਹਨਾਂ ਕਿਹਾ ਕਿ ਅੱਜ ਵੱਡੇ ਪੱਧਰ ਉੱਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਵਿੱਚ ਇਸ ਅੰਦਰ ਸ਼ਾਮਿਲ ਹੋ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਰਾਸ਼ਟਰਪਤੀ ਰਾਮ ਮੰਦਿਰ ਦੇ ਵਿੱਚ ਸੰਬੋਧਨ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਲੋਕਤੰਤਰ ਨੂੰ ਬਚਾਉਣ ਦੇ ਲਈ ਹਾਈਕੋਰਟ ਦੇ ਵਿੱਚ ਮਾਮਲਾ ਵੀ ਚੱਲ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਉੱਤੇ ਕਾਂਗਰਸ ਸਖਤ ਨੋਟਿਸ ਲਵੇਗੀ ਅਤੇ ਲੋਕ ਸਭਾ ਦੇ ਸੈਸ਼ਨ ਦੇ ਦੌਰਾਨ ਵੀ ਇਹ ਮੁੱਦਾ ਉਹਨਾਂ ਵੱਲੋਂ ਚੁੱਕਿਆ ਜਾਵੇਗਾ। ਉਹ ਕੱਲ ਦਿੱਲੀ ਪਹੁੰਚਣਗੇ ਜਿੱਥੇ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਹਾਲਾਂਕਿ ਉਹਨਾਂ ਅੰਤਰਿਮ ਬਜਟ ਦੇ ਬਾਰੇ ਬੋਲਦਿਆ ਕਿਹਾ ਕਿ ਇਹ ਬਹੁਤਾ ਵੱਡਾ ਬਜਟ ਨਹੀਂ ਹੈ ਅਸਲੀ ਬਜਟ ਸਰਕਾਰ ਬਣਨ ਤੋਂ ਬਾਅਦ ਹੀ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਦਾ ਨਾਂ ਲਏ ਬਿਨਾਂ ਰਵਨੀਤ ਬਿੱਟੂ ਨੇ ਕਿਹਾ ਕਿ ਜਿਸ ਦੀ ਤੁਸੀਂ ਬਾਰ-ਬਾਰ ਗੱਲ ਕਰ ਰਹੇ ਹੋ ਉਸ ਸਬੰਧੀ ਹਾਈ ਕਮਾਨ ਨੂੰ ਸਾਰੀ ਜਾਣਕਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਪੰਜਾਬ ਦੌਰੇ ਉੱਤੇ ਹਨ। ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਜਿਹੜੀ ਇੱਟ ਖਰਾਬ ਕਰ ਰਹੀ ਹੈ ਉਸ ਨੂੰ ਕੱਢ ਕੇ ਬਾਹਰ ਸੁੱਟ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਕਾਨ ਬਾਰ-ਬਾਰ ਨਹੀਂ ਬਣਦੇ ਅਤੇ ਅਨੁਸ਼ਾਸਨਹੀਣਤਾ ਵਾਲੀਆਂ ਕਾਰਵਾਈਆਂ ਕਰਨ ਵਾਲੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ।
ਇਸ ਦੌਰਾਨ ਬੀਤੇ ਦਿਨ ਕਾਂਗਰਸ ਦੀ ਮੀਟਿੰਗ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਉਹ ਵਰਕਰਾਂ ਦੀ ਨਰਾਜ਼ਗੀ ਸੀ ਅਤੇ ਅਸੀਂ ਸਾਰੇ ਹੁਣ ਇਸ ਸਬੰਧੀ ਵਿਚਾਰ ਵਟਾਂਦਰੇ ਕਰ ਰਹੇ ਹਾਂ। ਵਰਕਰਾਂ ਦੇ ਵਿੱਚ ਜੋ ਨਰਾਜ਼ਗੀ ਸੀ ਉਹਨਾਂ ਨੇ ਸਾਂਝੀ ਕੀਤੀ ਹੈ ਅਤੇ ਇਸ ਨਰਾਜ਼ਗੀ ਨੂੰ ਦੂਰ ਕਰਨ ਲਈ ਉਹ ਹਰ ਸੰਭਵ ਯਤਨ ਕਰਨਗੇ ਕਿਉਂਕਿ ਪਾਰਟੀ ਦੇ ਵਰਕਰ ਹੀ ਅਸਲ ਰੀੜ ਹਨ।