ਲੁਧਿਆਣਾ:ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ ਅਤੇ ਕੱਲ੍ਹ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਨਾਮਜਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਕਾਂਗਰਸ ਦੇ ਆਗੂਆਂ ਵੱਲੋਂ ਬੀਤੇ ਦਿਨ ਵੀ ਇਲਜ਼ਾਮ ਲਗਾਏ ਗਏ ਸਨ ਕਿ ਤਿੰਨ ਮਹੀਨੇ ਦੇ ਪ੍ਰੋਸੈਸ ਨੂੰ 15 ਦਿਨਾਂ ਦੇ ਵਿੱਚ ਖਤਮ ਕੀਤਾ ਜਾ ਰਿਹਾ ਹੈ ਅਤੇ ਅੱਜ ਉਮੀਦਵਾਰ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ।
ਪੰਚਾਇਤੀ ਚੋਣਾਂ 2024 (ETV BHARAT) 'ਉਮੀਦਵਾਰ ਕਈ ਦਿਨਾਂ ਤੋਂ ਹੋ ਰਹੇ ਖੱਜਲ'
ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਸਵੇਰ ਤੋਂ ਆ ਕੇ ਬੀਡੀਪੀਓ ਦਫਤਰਾਂ ਦੇ ਬਾਹਰ ਖੜੇ ਹਨ, ਪਰ ਕੋਈ ਵੀ ਰਾਹ ਨਹੀਂ ਦੱਸ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਦੋ ਦਿਨ ਤੋਂ ਐਨਓਸੀ ਲੈਣ ਲਈ ਖੱਜਲ ਹੋ ਰਹੇ ਸੀ ਅਤੇ ਅੱਜ ਆ ਕੇ ਪਤਾ ਲੱਗਿਆ ਹੈ ਕਿ ਐਨਓਸੀ ਲੈਣ ਦੀ ਨਵੇਂ ਉਮੀਦਵਾਰਾਂ ਨੂੰ ਲੋੜ ਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਦੱਸਿਆ ਹੀ ਨਹੀਂ ਗਿਆ ਅਤੇ ਹੁਣ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਜਦੋਂ ਕਿ ਸਾਡੇ ਸਾਰੇ ਦਸਤਾਵੇਜ਼ ਅੰਦਰ ਹਨ।
'ਸਿਫ਼ਾਰਿਸ਼ਾਂ ਵਾਲੇ ਦੀ ਹੋ ਰਹੀ ਅੰਦਰ ਐਂਟਰੀ'
ਉਮੀਦਵਾਰਾਂ ਨੇ ਕਿਹਾ ਕਿ ਦੋ ਦਿਨ ਛੁੱਟੀ ਸੀ ਅਤੇ ਨਾਮਜ਼ਦਗੀਆਂ ਭਰਨ ਦੇ ਲਈ ਤਿੰਨ ਦਿਨ ਰੱਖੇ ਗਏ ਸਨ ਅਤੇ ਅੱਜ ਆਖਰੀ ਦਿਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੱਕ ਦਿਨ ਹੀ ਨਾਮਜ਼ਦਗੀਆਂ ਭਰਨ ਲਈ ਮਿਲਿਆ ਹੈ, ਜਦਕਿ ਦੋ ਦਿਨ ਤੱਕ ਲੋਕ ਐਨਓਸੀ ਦੇ ਚੱਕਰ ਦੇ ਵਿੱਚ ਹੀ ਉਲਝੇ ਰਹੇ। ਉਹਨਾਂ ਨੇ ਕਿਹਾ ਕਿ ਜਿਹੜੇ ਵਿਧਾਇਕਾਂ ਦੇ ਖਾਸ ਨੇ ਉਹਨਾਂ ਨੂੰ ਅੰਦਰ ਐਂਟਰੀ ਮਿਲ ਰਹੀ ਹੈ। ਖੁਦ ਉਹਨਾਂ ਨੂੰ ਬੁਲਾ ਕੇ ਅੰਦਰ ਲਿਜਾਇਆ ਜਾਂਦਾ ਹੈ ਪਰ ਜੋ ਨਵੇਂ ਉਮੀਦਵਾਰ ਹਨ ਜਾਂ ਸੱਤਾ ਧਿਰ ਦੇ ਨਾਲ ਸੰਬੰਧਿਤ ਨਹੀਂ ਹਨ, ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਜਦੋਂ ਕਿ ਸਾਰੇ ਅਫਸਰ ਅੰਦਰ ਹੀ ਬੈਠੇ ਹਨ। ਉਹਨਾਂ ਨੂੰ ਖ਼ਦਸ਼ਾ ਹੈ ਕਿ ਉਹਨਾਂ ਦੇ ਦਸਤਾਵੇਜ਼ ਪੂਰੇ ਨਹੀਂ ਕੀਤੇ ਜਾਣਗੇ।
'ਅਧਿਕਾਰੀ ਕਰ ਰਹੇ ਨੇ ਆਪਣਾ ਕੰਮ'
ਜਦੋਂ ਕਿ ਦੂਜੇ ਪਾਸੇ ਇਸ ਸਬੰਧੀ ਜਦੋਂ ਬਲੋਕ ਇੱਕ ਦੇ ਬੀਡੀਪੀਓ ਰਾਜੇਸ਼ ਚੱਢਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੋਕਾਂ ਦੀ ਖੱਜਲ ਖੁਆਰੀ ਨੂੰ ਵੇਖਦੇ ਹੋਇਆ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨਵੇਂ ਉਮੀਦਵਾਰਾਂ ਦੇ ਲਈ ਐਨਓਸੀ ਦੀ ਲੋੜ ਹੀ ਨਹੀਂ ਹੈ। ਉਹਨਾਂ ਕਿਹਾ ਕਿ ਐਨਓਸੀ ਦੀ ਲੋੜ ਉਹਨਾਂ ਨੂੰ ਹੈ ਜੋ ਕਿ ਪਹਿਲਾਂ ਪੰਚ ਜਾਂ ਸਰਪੰਚ ਰਹੇ ਹਨ। ਉਹਨਾਂ ਕਿਹਾ ਇਸ ਤੋਂ ਇਲਾਵਾ ਜੇਕਰ ਚੂਲ੍ਹਾ ਟੈਕਸ ਦੀ ਗੱਲ ਕੀਤੀ ਜਾਵੇ ਤਾਂ ਚੂਲ੍ਹਾ ਟੈਕਸ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ। ਸੈਕਟਰੀ ਵੱਲੋਂ ਇਸ ਸਬੰਧੀ ਲਗਾਤਾਰ ਲੋਕਾਂ ਨੂੰ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ, ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ ਹੈ।