ਪੰਜਾਬੀਆਂ ਨੇ ਨਕਾਰੇ ਆਪ ਦੇ 5 ਚੋਂ 4 ਉਮੀਦਵਾਰ ਮੰਤਰੀ ... (Etv Bharat (ਰਿਪੋਰਟ - ਪੱਤਰਕਾਰ, ਬਠਿੰਡਾ)) ਬਠਿੰਡਾ:ਇੰਡੀਆ ਗਠਜੋੜ ਰਾਹੀਂ 2024 ਦੀਆਂ ਲੋਕ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਇਕੱਲਿਆਂ ਲੋਕ ਸਭਾ ਚੋਣਾਂ ਲੜੀਆਂ ਗਈਆਂ ਸਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਸਨ, ਜਿਨ੍ਹਾਂ ਵਿੱਚੋਂ ਪੰਜ ਕੈਬਨਿਟ ਮੰਤਰੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਦਾਅ ਖੇਡਿਆ ਗਿਆ ਸੀ, ਪਰ ਪਿਛਲੇ ਦਿਨੀਂ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਨੇ ਆਮ ਆਦਮੀ ਪਾਰਟੀ ਨੂੰ ਮੰਥਨ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ, ਕਿਉਂਕਿ ਇਨ੍ਹਾਂ ਚੋਂ ਨਤੀਜਿਆਂ ਵਿੱਚ ਪੰਜ ਕੈਬਨਿਟ ਮੰਤਰੀਆਂ ਵਿੱਚੋਂ ਚਾਰ ਕੈਬਨਿਟ ਮੰਤਰੀ ਚੋਣ ਹਾਰ ਗਏ ਹਨ। ਮਾਤਰ ਸੰਗਰੂਰ ਲੋਕ ਸਭਾ ਸੀਟ ਤੋਂ ਮੀਤ ਹੇਅਰ ਕੈਬਨਿਟ ਮੰਤਰੀ ਚੋਣਾਂ ਜਿੱਤਣ ਵਿੱਚ ਕਾਮਯਾਬ ਹੋਏ ਹਨ।
ਆਪ ਵਲੋਂ ਮੰਥਨ ਕਰਨਾ ਜ਼ਰੂਰੀ:2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਨੇ 92 ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਈ ਸੀ ਅਤੇ ਉਸ ਸਮੇਂ ਪੰਜਾਬ ਭਰ ਵਿੱਚੋਂ ਆਮ ਆਦਮੀ ਪਾਰਟੀ ਨੂੰ 42% ਵੋਟ ਪ੍ਰਾਪਤ ਹੋਏ ਸਨ, ਪਰ ਦੋ ਸਾਲਾਂ ਦੇ ਵਖਵੇਂ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਿੱਥੇ 13 ਲੋਕ ਸਭਾ ਹਲਕਿਆਂ ਵਿੱਚੋਂ ਤਿੰਨ ਹਲਕਿਆਂ ਉੱਤੇ ਹੀ ਆਮ ਆਦਮੀ ਪਾਰਟੀ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ, ਉੱਥੇ ਹੀ ਵੋਟ ਪ੍ਰਤੀਸ਼ਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੋਟ ਪ੍ਰਤੀਸ਼ਤ 42 ਪ੍ਰਤੀਸ਼ਤ ਤੋਂ ਘੱਟ ਕੇ 26 ਪ੍ਰਤੀਸ਼ਤ ਰਹਿ ਗਿਆ ਹੈ ਅਤੇ ਚਾਰ ਕੈਬਨਟ ਮੰਤਰੀਆਂ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਵੈ ਪੜਚੋਲ ਲਈ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਸੀਨੀਅਰ ਪੱਤਰਕਾਰ (Etv Bharat (ਗ੍ਰਾਫਿਕਸ)) ਇਨ੍ਹਾਂ ਮੁੱਦਿਆਂ ਕਰਕੇ ਹਾਰੀ ਆਪ: ਪੰਜਾਬ ਵਿੱਚ ਫੈਲੇ ਨਸ਼ਾ ਭ੍ਰਿਸ਼ਟਾਚਾਰ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਖਿਲਾਫ ਆਮ ਲੋਕਾਂ ਦਾ ਵੱਡਾ ਰੋਹ ਵੇਖਣ ਨੂੰ ਮਿਲ ਰਿਹਾ ਹੈ। ਇਸੇ ਰੋਹ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਵੋਟ ਫੀਸਦ ਵਿੱਚ ਕਰੀਬ 16 ਫੀਸਦੀ ਕਮੀ ਆਈ ਹੈ, ਜੇਕਰ ਮੁੱਦਿਆਂ ਦੀ ਗੱਲ ਕੀਤੀ ਜਾਵੇ, ਤਾਂ ਮਾਲਵਾ ਬੈਲਟ ਵਿੱਚ ਕਿਸਾਨਾਂ ਦੀ ਗੜ੍ਹੇਮਾਰੀ ਕਾਰਨ ਬਰਬਾਦ ਹੋਈਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਜਿੱਥੇ ਵਿਰੋਧ ਹੁੰਦਾ ਰਿਹਾ, ਉੱਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮੁਆਵਜ਼ੇ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਸਵਾਲ ਉੱਠਦੇ ਰਹੇ। ਪੰਜਾਬ ਵਿੱਚ ਵਧ ਰਹੇ ਨਸ਼ੇ ਅਤੇ ਲਗਾਤਾਰ ਵੱਧ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਕਾਰਨ ਆਮ ਆਦਮੀ ਪਾਰਟੀ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਰਹੀ। ਗੈਂਗਸਟਰਾਂ ਵੱਲੋਂ ਲਗਾਤਾਰ ਫਿਰੌਤੀ ਅਤੇ ਹੋਰਨਾਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਕਾਰਨ ਅਮਨ ਅਤੇ ਕਾਨੂੰਨ ਦੀ ਵਿਗੜ ਦੀ ਸਥਿਤੀ ਨੂੰ ਲੈ ਕੇ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਜਾਂਦੇ ਰਹੇ।
ਆਪ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਵਿੱਚ ਹੋਈ ਅਸਫ਼ਲ : ਆਮ ਆਦਮੀ ਪਾਰਟੀ ਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਵੋਟ ਪ੍ਰਤੀਸ਼ਤ ਵਿੱਚ ਆਏ ਵੱਡੇ ਨਗਾਰ 'ਤੇ ਟਿੱਪਣੀ ਕਰਦੇ ਹੋਏ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ ਜਿਹੜੇ ਸੁਪਨੇ ਦਿਖਾ ਕੇ ਆਮ ਆਦਮੀ ਪਾਰਟੀ ਸਤਾ ਵਿੱਚ ਆਈ ਸੀ, ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕੇ ਗਏ। ਪੰਜਾਬ ਵਿੱਚ ਨਸ਼ਾ ਭ੍ਰਿਸ਼ਟਾਚਾਰ ਅਤੇ ਗੈਂਗਸਟਰਵਾਦ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਰਹੀ ਹੈ, ਪਰ ਸਰਕਾਰ ਵੱਲੋਂ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਇਸ ਕਾਰਨ ਇਹ ਸਰਕਾਰ ਆਮ ਲੋਕਾਂ ਵਿੱਚ ਆਪਣਾ ਆਧਾਰ ਤੇਜੀ ਨਾਲ ਗਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਰਗਿਜ ਬਰਦਾਸ਼ਤ ਨਹੀਂ ਕਰਦੇ ਕਿ ਉਨ੍ਹਾ ਉੱਪਰ ਆ ਕੇ ਕੋਈ ਬਾਹਰਲਾ ਵਿਅਕਤੀ ਰਾਜ ਕਰੇ, ਪਰ ਜਿਸ ਢੰਗ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਦਿੱਲੀ ਦੀ ਲੀਡਰਸ਼ਿਪ ਰਾਹੀਂ ਪੰਜਾਬ ਵਿੱਚ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 2027 ਤੱਕ ਭਗਵੰਤ ਮਾਨ ਸਰਕਾਰ ਵੱਲੋਂ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੇ ਰੋਹ ਦਾ ਹੋਰ ਵੀ ਵੱਡਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਲੋਕਾਂ ਨੇ ਵੱਡੀਆਂ ਆਸਾਂ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ।