ਲੁਧਿਆਣਾ: ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲਈ ਵੋਟ ਪਾਉਣ ਦਾ ਸਮਾਂ ਹੁਣ ਖਤਮ ਹੋ ਚੁੱਕਾ ਹੈ। 4 ਵਜੇ ਤੋਂ ਬਾਅਦ ਸਿਰਫ ਉਹ ਵੋਟਰ ਹੀ ਵੋਟ ਪਾ ਸਕਣਗੇ ਜੋ ਕਿ ਵੋਟਿੰਗ ਸੈਂਟਰ ਦੇ ਅੰਦਰ ਦਾਖਲ ਹੋ ਚੁੱਕੇ ਹਨ ਜਾਂ ਕਤਾਰਾਂ 'ਚ ਲੱਗੇ ਹੋਏ ਹਨ। ਹੁਣ ਪੋਲਿੰਗ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰੀ ਆਂਕੜਿਆਂ ਦੇ ਮੁਤਾਬਕ ਦੁਪਹਿਰ 2 ਵਜੇ ਤੱਕ 41 ਫੀਸਦੀ ਵੋਟਿੰਗ ਹੋ ਚੁੱਕੀ ਹੈ। ਲੋਕਾਂ ਦੇ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਪਿੰਡ ਗੌਹਰ ਦੇ ਵਿੱਚ ਸੈਂਕੜੇ ਲੋਕ ਹਾਲੇ ਵੀ ਕਤਾਰਾਂ ਦੇ ਵਿੱਚ ਲੱਗ ਕੇ ਆਪਣੇ ਵੋਟ ਦੀ ਵਾਰੀ ਆਉਣ ਦੀ ਉਡੀਕ ਕਰ ਰਹੇ ਹਨ।
ਨਤੀਜੇ ਆਉਣ ਨੂੰ ਲੱਗਿਆ ਵੱਡਾ ਸਮਾਂ
ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਵੋਟਿੰਗ ਦੀ ਪ੍ਰਕਿਰਿਆ ਸਵੇਰ ਤੋਂ ਹੀ ਬਹੁਤ ਹੌਲੀ ਚੱਲ ਰਹੀ ਸੀ ਜਿਸ ਕਰਕੇ ਇੰਨਾ ਸਮਾਂ ਲੱਗ ਗਿਆ ਹੈ। ਲੋਕਾਂ ਨੇ ਕਿਹਾ ਕਿ ਉਹ ਦੋ ਦੋ ਘੰਟੇ ਤੋਂ ਕਤਾਰਾਂ ਦੇ ਵਿੱਚ ਲੱਗੇ ਹੋਏ ਹਨ, ਉਨ੍ਹਾਂ ਦਾ ਸਮਾਂ ਨਹੀਂ ਆ ਰਿਹਾ। ਉਨ੍ਹਾਂ ਨੇ ਕਿਹਾ ਕਿ ਅੰਦਰ ਚੋਣ ਅਮਲਾ ਤੇਜ਼ੀ ਦੇ ਨਾਲ ਵੋਟਿੰਗ ਨਹੀਂ ਕਰਵਾ ਰਿਹਾ ਕਿਉਂਕਿ ਪਿੰਡ ਦੇ ਵਿੱਚ 1000 ਵੋਟ ਹੈ ਉਹ ਭੁਗਤਾਉਣ ਦੇ ਵਿੱਚ ਹੀ ਇਨ੍ਹਾਂ ਜ਼ਿਆਦਾ ਸਮਾਂ ਲੈ ਲਿਆ ਗਿਆ ਹੈ ਕਿ ਹੁਣ ਵੀ 200 ਤੋਂ 300 ਵੋਟ ਹਾਲੇ ਪੈਣੀ ਬਾਕੀ ਹੈ ਅਤੇ 4 ਵਜੇ ਦਾ ਸਮਾਂ ਪੂਰਾ ਹੋ ਚੁੱਕਾ ਹੈ ਪਰ ਲੋਕ ਕਤਾਰਾ ਵਿੱਚ ਲੱਗੇ ਹੋਏ ਹਨ ਲੋਕ ਆਪਣੀ ਵੋਟ ਪਾ ਕੇ ਹੀ ਇੱਥੋਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਇਸ ਮੁਤਾਬਕ ਨਤੀਜੇ ਆਉਣ ਨੂੰ ਵੱਡਾ ਸਮਾਂ ਲੱਗ ਜਾਵੇਗਾ। ਪਿੰਡ ਦੇ ਲੋਕਾਂ ਨੇ ਕਿਹਾ ਕਿ 9 ਵਜੇ ਤੱਕ ਨਤੀਜੇ ਆਉਣ ਦੀ ਉਮੀਦ ਹੈ ਕਿਉਂਕਿ ਲੰਮੀਆਂ ਕਤਾਰਾਂ ਹਾਲੇ ਵੀ ਲੱਗੀਆਂ ਹੋਈਆਂ ਹਨ।