ਬਠਿੰਡਾ:ਪਿਛਲੇ 40 ਸਾਲਾਂ ਤੋਂ ਬਠਿੰਡਾ ਵਿੱਚ ਵੱਖ-ਵੱਖ ਢੰਗ ਤਰੀਕਿਆਂ ਨਾਲ ਦੁਸਹਿਰੇ ਦਾ ਤਿਉਹਾਰ ਮਨਾਉਣ ਵਾਲੇ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਵੱਲੋਂ ਇਸ ਵਾਰ ਦੁਸਹਿਰੇ ਮੌਕੇ ਵੱਖਰਾ ਉਪਰਾਲਾ ਕੀਤਾ ਗਿਆ ਹੈ। ਇਸ ਦੁਸਹਿਰੇ ਦੌਰਾਨ ਜਿੱਥੇ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਵੱਲੋਂ ਸਮਾਜ ਨੂੰ ਇੱਕ ਵੱਖਰਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਹੀ ਉਨ੍ਹਾਂ ਵੱਲੋਂ ਦੁਸਹਿਰੇ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਅੱਜ ਇਹ ਦਿਨ ਆ ਗਿਆ ਹੈ, ਜਦੋਂ ਇਹ ਅਨੋਖਾ ਦੁਸਹਿਰਾ ਦੇਖਣ ਲਈ ਲੋਕਾਂ ਦੀ ਭੀੜ ਉਮੜ ਜਾਵੇਗੀ।
ਦੁਸਹਿਰੇ ਵਾਲੇ ਦਿਨ ਤਿੰਨ ਦੀ ਬਜਾਏ ਸਾੜੇ ਜਾਣਗੇ 4 ਪੁਤਲੇ ... (Etv Bharat (ਪੱਤਰਕਾਰ, ਬਠਿੰਡਾ)) ਪੁਤਲੇ ਦੀ ਪਛਾਣ ਕਰਨ ਵਾਲੇ ਪਹਿਲੇ ਪੰਜਾਂ ਨੂੰ ਦਿੱਤਾ ਜਾਵੇਗਾ ਇਨਾਮ
ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਵੱਲੋਂ 3 ਦੀ ਥਾਂ 4 ਪੁਤਲੇ ਬਣਾਏ ਜਾ ਰਹੇ ਹਨ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਤੋਂ ਇਲਾਵਾ ਚੌਥਾ ਇੱਕ ਪੁਤਲਾ ਅਜਿਹਾ ਤਿਆਰ ਕੀਤਾ ਜਾਵੇਗਾ ਜਿਸ ਦੀ ਪਛਾਣ ਦੱਸਣ ਵਾਲੇ ਪਹਿਲੇ ਪੰਜ ਲੋਕਾਂ ਨੂੰ 1100-1100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ 10 ਤੋਂ 15 ਪੁਤਲੇ ਵੀ ਬਣਾਏ ਜਾਂਦੇ ਰਹੇ ਹਨ ਅਤੇ ਦੁਸਹਿਰੇ ਦੇ ਤਿਉਹਾਰ ਮੌਕੇ ਨਸ਼ੇ, ਬੇਰੁਜ਼ਗਾਰੀ ਦੇ ਪੁਤਲੇ ਵੀ ਬਣਾਏ ਜਾਂਦੇ ਰਹੇ ਹਨ। ਇਸ ਵਾਰ ਵੀ ਉਨ੍ਹਾਂ ਵੱਲੋਂ ਚੌਥਾ ਪੁਤਲਾ ਅਜਿਹਾ ਬਣਿਆ ਜਾ ਰਿਹਾ ਹੈ ਜਿਸ ਦੀ ਪਛਾਣ ਦੀ ਜਾਣਕਾਰੀ ਸ਼ਾਇਦ ਹੀ ਕਿਸੇ ਨੂੰ ਹੋਵੇ ਅਤੇ ਜਿਹੜਾ ਵੀ ਵਿਅਕਤੀ ਪਛਾਣ ਦੱਸੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਮਕਸਦ ਹਰ ਵਾਰ ਕਿਸੇ ਨਾ ਕਿਸੇ ਮੁੱਦੇ ਉੱਤੇ ਚੰਗਾ ਸੰਦੇਸ਼ ਦੇਣਾ ਹੁੰਦਾ ਹੈ ਜਾਂ ਇਤਿਹਾਸ ਪ੍ਰਤੀ ਜਾਗਰੂਕ ਕਰਨਾ ਹੁੰਦਾ ਹੈ।
ਦੁਸਹਿਰੇ ਵਾਲੇ ਦਿਨ ਤਿੰਨ ਦੀ ਬਜਾਏ ਸਾੜੇ ਜਾਣਗੇ 4 ਪੁਤਲੇ (Etv Bharat) ਜਾਗਰੂਕਤਾ ਵੀ, ਇਨਾਮ ਵੀ ਤੇ ਤਿਉਹਾਰ ਦਾ ਜਸ਼ਨ ਵੀ ...
ਵਿਜੇ ਕੁਮਾਰ ਨੇ ਕਿਹਾ ਕਿ ਚੌਥਾ ਪੁਤਲਾ ਬਣਾਉਣ ਦਾ ਵੱਡਾ ਕਾਰਨ ਇਹ ਹੈ ਕਿ ਅੱਜ ਦੀ ਪੀੜੀ ਆਪਣੇ ਇਤਿਹਾਸ ਤੋਂ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ। ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਲਈ ਇਹ ਉਪਰਾਲੇ ਵਿੱਢੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੁਸਹਿਰੇ ਦੇ ਤਿਉਹਾਰ ਮੌਕੇ ਜਿੱਥੇ ਬੂਟੇ ਲਗਾਏ ਜਾਣਗੇ, ਉੱਥੇ ਹੀ ਅਜਿਹੀ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਲਗਾਤਾਰ 30 ਮਿੰਟ ਚੱਲੇਗੀ ਅਤੇ ਇਸ ਆਤਿਸ਼ਬਾਜ਼ੀ ਦੌਰਾਨ ਦੇਸ਼ ਦਾ ਤਰੰਗਾ ਝੰਡਾ ਹਵਾ ਵਿੱਚ ਲਹਿਰਾਏਗਾ ਅਤੇ ਆਸਮਾਨ ਵਿੱਚ ਸਤਰੰਗੀ ਪੀਂਘ ਬਣੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਰਾਮਲੀਲਾ ਸਮੇਂ ਅਸੀਂ ਉਹ ਦ੍ਰਿਸ਼ ਦਿਖਾਉਣ ਜਾ ਰਹੇ ਹਾਂ, ਜਿਸ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਹਨੂੰਮਾਨ ਜੀ ਹੁਣਾਂ ਪੰਜ ਭਰਾ ਸੀ। ਉਨ੍ਹਾਂ ਕਿਹਾ ਇਸ ਸਬੰਧੀ ਦ੍ਰਿਸ਼ ਨੂੰ ਵੀ ਪੇਸ਼ ਕੀਤਾ ਜਾਵੇਗਾ।
ਦੁਸਹਿਰਾ ਦੇਖਣ ਲਈ ਲੋਕਾਂ ਵਲੋਂ ਬਾਲਕੋਨੀਆਂ ਬੁੱਕ ਕੀਤੀਆਂ ਗਈਆਂ
ਉਨ੍ਹਾਂ ਵੱਲੋਂ ਹਰ ਸਾਲ ਕਰਵਾਏ ਜਾਂਦੇ ਦੁਸਹਿਰੇ ਦੇ ਸਮਾਗਮ ਨੂੰ ਵੇਖਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਲੋਕ ਆਉਂਦੇ ਹਨ ਅਤੇ ਜਿਸ ਥਾਂ ਉੱਤੇ ਹੁਣ ਇਹ ਦੁਸਹਿਰਾ ਮਨਾਇਆ ਜਾ ਰਿਹਾ ਹੈ, ਉਸ ਦੇ ਆਲੇ ਦੁਆਲੇ ਦੀਆਂ ਬਿਲਡਿੰਗਾਂ ਦੀ ਬਾਲਕੋਨੀ ਪਹਿਲਾਂ ਤੋਂ ਹੀ ਬੁੱਕ ਹੋ ਗਈ। ਇਸ ਤਿਉਹਾਰ ਨੂੰ ਲੈਕੇ ਲੋਕਾਂ ਵਿੱਚ ਵੱਖਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਤੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।