ਬਰਨਾਲਾ: ਬਰਨਾਲਾ ਵਿਖੇ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨਾਂ ਤੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਮਨਰੇਗਾ ਮਜ਼ਦੂਰਾਂ ਨੂੰ ਨਿਯਮਾਂ ਅਨੁਸਾਰ ਕੰਮ ਦੇਣ, ਮਜ਼ਦੂਰੀ ਹਜ਼ਾਰ ਰੁਪਏ ਪ੍ਰਤੀ ਦਿਨ ਕਰਨ, ਬੀਪੀਐਲ ਕਾਰਡ ਬਣਾਉਣ, ਕੱਟੇ ਗਏ ਰਾਸ਼ਨ ਕਾਰਡ ਮੁੜ ਬਹਾਲ ਕਰਨ, ਬਰਨਾਲਾ ਵਿਖੇ ਅੰਬੇਡਕਰ ਭਵਨ ਬਣਾਉਣ ਸਮੇਤ ਹੋਰ ਅਨੇਕਾਂ ਮਜ਼ਦੂਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਪ੍ਰਦਰਸ਼ਨ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਕਰੀਬ ਸੱਤ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਸਮੇਤ ਡੀਸੀ ਦਫਤਰ ਵਿਖੇ ਪ੍ਰਦਰਸ਼ਨ ਕਰਦੇ ਹੋਏ ਮੰਗ ਪੱਤਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਗ ਮਨਰੇਗਾ ਮਜ਼ਦੂਰਾਂ ਨੂੰ ਨਿਯਮਾਂ ਅਨੁਸਾਰ 100 ਦਿਨ ਤੋਂ ਵੱਧ ਕੰਮ ਦੇਣ ਦੀ ਹੈ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੰਚਾਇਤਾਂ ਭੰਗ ਹੋਣ ਅਤੇ ਨਵੀਆਂ ਪੰਚਾਇਤਾਂ ਬਣਨ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਲੋੜ ਅਨੁਸਾਰ ਕੰਮ ਨਹੀਂ ਦਿੱਤਾ ਜਾ ਰਿਹਾ। ਜਿਸ ਕਰਕੇ ਮਜ਼ਦੂਰਾਂ ਦੇ ਚੁੱਲੇ ਠੰਡੇ ਪਏ ਹਨ। ਉਹਨਾਂ ਕਿਹਾ ਕਿ ਜਲਦ ਤੋਂ ਜਲਦ ਮਨਰੇਗਾ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਹੱਕ ਅਨੁਸਾਰ ਕੰਮ ਦਿੱਤਾ ਜਾਵੇ।
ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ ਪ੍ਰਤੀ ਦਿਨ 1000 ਕੀਤੀ ਜਾਵੇ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੀਪੀਐਲ ਕਾਰਡ ਬਣਾਉਣ ਉੱਪਰ ਰੋਕ ਲਗਾਈ ਗਈ ਹੈ, ਜਿਸ ਨੂੰ ਤੁਰੰਤ ਬਣਾਉਣ ਦਾ ਉਪਰਾਲਾ ਸਰਕਾਰ ਨੂੰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਹੁ ਗਿਣਤੀ ਮਜ਼ਦੂਰਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਜਿਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਹਨਾਂ ਕਿਹਾ ਕਿ ਪਿਛਲੀ ਚੰਨੀ ਸਰਕਾਰ ਨੇ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਮਾਲਕੀਅਤ ਦੇ ਹੱਕ ਦਿੱਤੇ ਸਨ ਜਿਸ ਤਹਿਤ ਲਾਲਕੀਰ ਅੰਦਰ ਬਣੇ ਘਰਾਂ ਦੀਆਂ ਰਜਿਸਟਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਇਸ ਦਾ ਕੋਈ ਹੱਕ ਲੋਕਾਂ ਨੂੰ ਨਹੀਂ ਦਿੱਤਾ, ਜਿਸ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਬਰਨਾਲਾ ਵਿੱਚ ਡਾਕਟਰ ਅੰਬੇਦਕਰ ਭਵਨ ਬਣਾਉਣ ਦੀ ਗੱਲ ਆਖੀ ਸੀ, ਪਰੰਤੂ ਤਿੰਨ ਸਾਲਾਂ ਦੌਰਾਨ ਇਸਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਸਰਕਾਰ ਆਪਣੇ ਵਾਅਦੇ ਅਨੁਸਾਰ ਡਾਕਟਰ ਅੰਬੇਦਕਰ ਭਵਨ ਬਣਾਵੇ। ਉਹਨਾਂ ਕਿਹਾ ਕਿ ਜੇਕਰ ਮਜ਼ਦੂਰਾਂ ਦੀਆਂ ਇਹਨਾਂ ਮੰਗਾਂ ਉੱਪਰ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਤਿੱਖਾ ਸੰਘਰਸ਼ ਕਰਨਗੇ।