ਅੰਮ੍ਰਿਤਸਰ:ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅੰਮ੍ਰਿਤਸਰ ਦੇ ਵਿੱਚ ਵਲੰਟੀਅਰਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਜਿੱਥੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਉੱਥੇ ਹੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਨਾਲ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ।
ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਵਧਿਆ:ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਆਗੂ ਸੰਦੀਪ ਪਾਠਕ ਨੇ ਕਿਹਾ ਕਿ ਭਾਜਪਾ ਵੱਲੋਂ ਈਡੀ ਰਾਹੀਂ ਬੇਸ਼ੱਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਭਾਰਤੀ ਜਨਤਾ ਪਾਰਟੀ ਦੀ ਇਸ ਹਰਕਤ ਦੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਦਰ ਵਧਿਆ ਹੈ। ਜਿਸ ਦਾ ਵੱਡਾ ਕਾਰਨ ਹੈ ਕਿ ਲੋਕ ਸਮਝਦਾਰ ਹਨ ਅਤੇ ਉਹ ਰਾਜਨੀਤਿਕ ਪਾਰਟੀਆਂ ਦੇ ਵਿੱਚ ਹੋਣ ਵਾਲੀਆਂ ਹਲਚਲਾਂ ਨੂੰ ਬੇਹਦ ਗਹਿਰਾਈ ਦੇ ਨਾਲ ਦੇਖਦੇ ਹਨ।
10 ਤੋਂ 100 ਕਰੋੜ ਤੱਕ ਦੇ ਆਫਰ: ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਨੂੰ ਖਤਮ ਕਰਨ ਦੀ ਮਨਸ਼ਾ ਦੇ ਨਾਲ ਆਪ ਲੀਡਰਾਂ ਨੂੰ ਕਰੋੜਾਂ ਰੁਪਏ ਦੇ ਲਾਲਚ ਦੇਕੇ ਭਾਜਪਾ ਵਿੱਚ ਸ਼ਾਮਿਲ ਕਰਵਾਉਣ ਦੀ ਕਥਿਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਵਿਦੇਸ਼ੀ ਨੰਬਰਾਂ ਤੋਂ ਆਪ ਵਿਧਾਇਕਾਂ ਨੂੰ ਫੋਨ ਕਰਵਾ ਕੇ 10 ਤੋਂ 100 ਕਰੋੜ ਤੱਕ ਦੇ ਆਫਰ ਦਿੱਤੇ ਜਾ ਰਹੇ ਹਨ ਪਰ ਆਮ ਆਦਮੀ ਪਾਰਟੀ ਦਾ ਜਨਮ ਵਲੰਟੀਅਰਾਂ ਦੇ ਵਿੱਚੋਂ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇੰਨੇ ਸੂਝਵਾਨ ਹਨ ਕਿ ਉਹ ਵਿਰੋਧੀ ਪਾਰਟੀ ਵੱਲੋਂ ਦਿੱਤੇ ਜਾ ਰਹੇ ਕਰੋੜਾਂ ਦੇ ਲਾਲਚ ਨੂੰ ਠੁਕਰਾ ਕੇ ਆਪ ਸੁਪਰੀਮੋ ਕੇਜਰੀਵਾਲ ਦੀ ਸੋਚ ਦੇ ਨਾਲ ਚੱਲਣਾ ਪਸੰਦ ਕਰਦੇ ਹਨ।
ਕੇਜਰੀਵਾਲ ਦੇ ਹੱਕ ਵਿੱਚ ਫਤਵਾ: ਇਸ ਦੇ ਨਾਲ ਹੀ ਸੰਦੀਪ ਪਾਠਕ ਨੇ ਕਿਹਾ ਕਿ ਇੰਡੀਆ ਗਠਜੋੜ ਦੇ ਦੌਰਾਨ ਇਹ ਗੱਲ ਪਹਿਲਾਂ ਤੈਅ ਹੋ ਚੁੱਕੀ ਹੈ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪੋ ਆਪਣੇ ਪੱਧਰ ਦੇ ਉੱਤੇ ਲੋਕ ਸਭਾ ਚੋਣਾਂ ਲੜਨਗੇ। ਉਹਨਾਂ ਕਿਹਾ ਕਿ ਬੀਤੇ ਦਿਨੀਂ ਦਿੱਲੀ ਦੇ ਵਿੱਚ ਹੋਈ ਰੈਲੀ ਦੌਰਾਨ ਇੱਕ ਮੰਚ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਸਮੂਹ ਵੱਡੇ ਆਗੂ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਫਤਵਾ ਦੇਣ ਦੇ ਲਈ ਪੁੱਜੇ ਸਨ। ਜਿਸ ਨੂੰ ਦੇਖ ਕੇ ਭਾਰਤੀ ਜਨਤਾ ਪਾਰਟੀ ਘਬਰਾਹਟ ਵਿੱਚ ਹੈ।