ਅੰਮ੍ਰਿਤਸਰ:ਪੰਜਾਬ ਦੇ ਅੰਮ੍ਰਿਤਸਰ 'ਚ ਬਦਮਾਸ਼ਾਂ ਨੇ ਥਾਣੇ ਦੀ ਮਹਿਲਾ SHO 'ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਮਹਿਲਾ ਐਸਐਚਓ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੋ ਧਿਰਾਂ ਦੀ ਲੜਾਈ ਸੁਲ਼ਝਾਉਣ ਗਈ ਸੀ ਮਹਿਲਾ ਐਸਐਚਓ :ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਪਿੰਡ ਮੂਡਲ ਦੇ ਪੈਟਰੋਲ ਪੰਪ ਨੇੜੇ ਦੋ ਧਿਰਾਂ ਆਪਸ ਵਿੱਚ ਲੜ ਰਹੀਆਂ ਸਨ। ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਅਮਨਜੋਤ ਕੌਰ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੀ। ਇਸ ਦੌਰਾਨ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਘਟਨਾ ਦੇ ਮੁੱਖ ਮੁਲਜ਼ਮ ਸੁਖਜੀਤ ਸਿੰਘ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਖਜੀਤ ਫ਼ੌਜ ਵਿੱਚ ਸਿਪਾਹੀ ਹੈ ਅਤੇ ਛੁੱਟੀ ’ਤੇ ਆਇਆ ਹੋਇਆ ਸੀ।
ਐਫਆਈਆਰ ਹੋਈ ਦਰਜ : ਪੁਲਿਸ ਨੇ ਥਾਣਾ ਵੇਕਾਰਾ ਵਿੱਚ ਧਾਰਾ 109, 121, 351, 132, 221, 191 ਬੀਐਨਐਸ ਤਹਿਤ ਐਫਆਈਆਰ ਨੰਬਰ 55 ਦਰਜ ਕੀਤੀ ਹੈ। ਉਸ ਮਾਮਲੇ ਵਿੱਚ ਦੋਵਾਂ ਧਿਰਾਂ ਵਿੱਚ ਲੜਾਈ ਝਗੜੇ ਸਬੰਧੀ ਵੱਖਰਾ ਕੇਸ ਵੀ ਦਰਜ ਕੀਤਾ ਗਿਆ ਹੈ।
ਰਾਤ ਦਾ ਸਮਾਂ ਹੋਣ ਕਰਕੇ ਨਹੀਂ ਪਾਈ ਸੀ ਵਰਦੀ : ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਦਲ ਦੀ ਹੈ। ਬੀਤੀ ਰਾਤ ਪਿੰਡ ਮੁੱਦਲ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਜਿਸ ਦੀ ਸੂਚਨਾ ਵੇਰਕਾ ਥਾਣੇ ਨੂੰ ਭੇਜ ਦਿੱਤੀ ਗਈ। ਵੇਰਕਾ ਥਾਣੇ ਦੇ ਐਸਐਚਓ ਏ.ਕੇ. ਸੋਹੀ ਮੌਕੇ 'ਤੇ ਪਹੁੰਚੇ। ਰਾਤ ਦਾ ਸਮਾਂ ਹੋਣ ਕਰਕੇ ਉਹ ਵਰਦੀ ਵਿੱਚ ਨਹੀਂ ਸੀ। ਇਸ ਦੌਰਾਨ ਇਕ ਗੁੱਟ ਨੇ ਐੱਸਐੱਚਓ 'ਤੇ ਹਮਲਾ ਕਰ ਦਿੱਤਾ।
ਤੇਜ਼ਧਾਰ ਦਾਤਰ ਨਾਲ ਕਰ ਦਿੱਤਾ ਹਮਲਾ :ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਬਦਮਾਸ਼ਾਂ ਨੇ ਮਹਿਲਾ ਐਸਐਚਓ ਏ.ਕੇ. ਸੋਹੀ 'ਤੇ ਦਾਤਰ ਨਾਲ ਹਮਲਾ ਕੀਤਾ। ਦਾਤਰ ਐਸਐਚਓ ਦੇ ਕੰਨ ਉੱਤੇ ਵੱਜਿਆ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਤੁਰੰਤ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਜਿੱਥੇ ਮਹਿਲਾ ਐਸਐਚਓ ਦਾ ਇਲਾਜ ਚੱਲ ਰਿਹਾ ਹੈ।