ਹੈਦਰਾਬਾਦ: ਪਿਛਲੇ ਕੁੱਝ ਦਿਨਾਂ ਤੋਂ ਡੇਰਾ ਬਿਆਸ ਚਰਚਾ 'ਚ ਛਾਇਆ ਹੋਇਆ ਹੈ।ਹੁਣ ਇੱਕ ਵਾਰ ਮੁੜ ਤੋਂ ਡੇਰਾ ਬਿਆਸ ਤੋਂ ਵੱਡੀ ਖ਼ਬਰ ਸਹਾਮਣੇ ਆ ਰਹੀ ਹੈ। ਦਰਅਸਲ ਡੇਰਾ ਬਿਆਸ ‘ਚ ਇਨ੍ਹੀਂ ਦਿਨੀਂ ਭੰਡਾਰੇ ਦੇ ਨਾਲ-ਨਾਲ ਨਾਮਦਾਨ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ। ਇਸੇ ਦੇ ਸਬੰਧ 'ਚ ਡੇਰੇ ਵੱਲੋਂ ਪ੍ਰੋਗਰਾਮ ਨੂੰ ਮੁਲਤਵੀ ਐਲਾਨ ਕਰਨ ਦਾ ਐਲਾਨ ਕੀਤਾ ਗਿਆ।
ਕਿਹੜਾ ਪ੍ਰੋਗਰਾਮ ਮੁਲਤਵੀ
ਦਰਅਸਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ 16 ਅਤੇ 17 ਸਤੰਬਰ ਨੂੰ ਬਿਆਸ ਵਿਖੇ ਪੰਜਾਬ ਦੇ ਕੁਝ ਸ਼ਹਿਰਾਂ ਦੀਆਂ ਸੰਗਤਾਂ ਲਈ ਨਾਮਦਾਨ ਪ੍ਰੋਗਰਾਮ ਨਿਰਧਾਰਿਤ ਗਿਆ ਸੀ, ਪਰ ਕਿਸੇ ਕਾਰਨ ਇਹ ਨਾਮਦਾਨ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਨਾਮਦਾਨ ਦੀ 16 ਸਤੰਬਰ ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ ਅਤੇ 17 ਸਤੰਬਰ ਨੂੰ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਪਠਾਨਕੋਟ ਅਤੇ ਤਰਨਤਾਰਨ ਦੀ ਸੰਗਤ ਦੀ ਵਾਰੀ ਸੀ।
ਕਦੋਂ ਤੱਕ ਪ੍ਰੋਗਰਾਮ ਮੁਲਤਵੀ
ਤੁਹਾਨੂੰ ਦੱਸ ਦਈਏ ਕਿ ਡੇਰੇ ਵੱਲੋਂ 16-17 ਸਤੰਬਰ ਦੋਵੇਂ ਨੂੰ ਹੋਣ ਵਾਲੇ ਨਾਮਦਾਨ ਪ੍ਰੋਗਰਾਮ ਨੂੰ ਨਵੰਬਰ ਮਹੀਨੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਦਕਿ ਅਗਲੀ ਤਰੀਕ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ। ਨਾਮਦਾਨ ਲੈਣ ਵਾਲੀ ਸੰਗਤ ਇਸ ਬਾਰੇ ਅਗਲੀ ਜਾਣਕਾਰੀ ਆਪਣੇ ਗ੍ਰਹਿ ਖੇਤਰ ਵਿੱਚ ਪੈਂਦੇ ਸਤਿਸੰਗ ਘਰ ਤੋਂ ਲਈ ਜਾ ਸਕਦੀ ਹੈ।
ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ
ਦੱਸ ਦਈਏ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਗਲੇ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਹੋਣਗੇ। ਡੇਰੇ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਸੀ। ਡੇਰੇ ਵੱਲੋਂ ਚਿੱਠੀ ਜਾਰੀ ਕਰਦਿਆਂ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਡੇਰੇ ਦੀਆਂ ਸੁਸਾਇਟੀਆਂ ਦਾ ਪ੍ਰਸ਼ਾਸਨਿਕ ਸਰਪ੍ਰਸਤ ਐਲਾਨਿਆ ਹੈ। ਇਹ ਅੱਗੇ ਵਾਰਿਸ ਬਣਾਉਣ ਦੀ ਪਲਾਨਿੰਗ ਦਾ ਹਿੱਸਾ ਹੈ। ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਨੂੰ ਭਵਿੱਖ ਵਿੱਚ ਬਤੌਰ ‘ਸੰਤ ਸਤਿਗੁਰੂ’ ਸ਼ਰਧਾਲੂਆਂ ਨੂੰ ‘‘ਨਾਮ’’ ਦੇਣ ਦਾ ਵੀ ਅਧਿਕਾਰ ਦਿੱਤਾ ਜਾਵੇਗਾ।