ਲੁਧਿਆਣਾ:ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਲਗਾਤਾਰ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਰੋੜਾਂ ਦੇ ਨੁਕਸਾਨ ਦਾ ਕਾਰੋਬਾਰੀਆਂ ਨੇ ਖਰਚਾ ਜਤਾਇਆ ਹੈ ਅਤੇ ਕਿਹਾ ਹੈ ਕਿ ਸਭ ਤੋਂ ਜਿਆਦਾ ਅਸਰ ਪੰਜਾਬ ਨੂੰ ਹੀ ਹੋ ਰਿਹਾ ਹੈ। ਜਦੋਂ ਕਿ ਦਿੱਲੀ ਅਤੇ ਹਰਿਆਣਾ ਦੇ ਵਿੱਚ ਇਸ ਦਾ ਜਿਆਦਾ ਅਸਰ ਨਹੀਂ ਹੈ। ਐੱਮਐੱਸਐੱਮਈ ਦੇ ਪ੍ਰਧਾਨ ਰਹੇ ਬਾਤਿਸ਼ ਜਿੰਦਲ ਨੇ ਇਹਦਾ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ ਇੱਕ ਹਫਤੇ ਬਾਅਦ ਇਹ ਵੀ ਉਮੀਦ ਨਹੀਂ ਹੈ ਕਿ ਪੰਜਾਬ ਦੀ ਇੰਡਸਟਰੀ ਮੁੜ ਤੋਂ ਚੱਲ ਸਕੇਗੀ ਜਾਂ ਨਹੀਂ, ਉਹਨਾਂ ਕਿਹਾ ਕਿ 2000 ਕਰੋੜ ਰੁਪਏ ਦਾ ਰੋਜ਼ਾਨਾ ਦਾ ਵਪਾਰ ਹੈ।
ਟਰਾਂਸਪੋਰਟ ਦਾ ਖਰਚਾ ਪੈ ਰਿਹਾ ਵੱਧ:ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਟਰਾਂਸਪੋਰਟ ਦਾ ਵੱਡਾ ਨੁਕਸਾਨ ਹੋਇਆ ਹੈ, ਸਾਡਾ ਟਰਾਂਸਪੋਰਟ ਦੇ ਰਾਹੀਂ ਮਾਲ ਨਹੀਂ ਜਾ ਪਾ ਰਿਹਾ ਹੈ। ਜਿਹੜੇ ਆਰਡਰ ਪਹਿਲਾ ਭੇਜੇ ਹੋਏ ਸਨ, ਉਹ ਵੀ ਪਹੁੰਚ ਨਹੀਂ ਸਕੇ ਹਨ। ਇਸ ਕਰਕੇ ਗੱਡੀਆਂ ਦੁਬਾਰਾ ਵਾਪਿਸ ਨਹੀਂ ਆ ਸਕੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਟਰਾਂਸਪੋਰਟ ਦਾ ਖਰਚਾ ਵੱਧ ਪੈ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਸੀਂ ਭਾਵੇਂ ਕਿਸਾਨਾਂ ਦੇ ਨਾਲ ਹਾਂ ਪਰ ਰੇਲਵੇ ਟਰੈਕ ਜਾਮ ਕਰਨ, ਬੱਸਾਂ ਜਾਮ ਕਰਨ ਅਤੇ ਸੜਕੀ ਯਾਤਰਾ ਠੱਪ ਕਰਨ ਕਰਕੇ ਸਾਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਜਿਸ ਦੀ ਬਾਅਦ ਦੇ ਵਿੱਚ ਭਰਪਾਈ ਕਰਨੀ ਮੁਸ਼ਕਿਲ ਹੋ ਜਾਵੇਗੀ। ਕਾਰੋਬਾਰੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਬੈਠ ਕੇ ਇਸ ਦਾ ਕੋਈ ਨਾ ਕੋਈ ਸਰਕਾਰ ਦੇ ਨਾਲ ਹੱਲ ਕਰ ਲੈਣਾ ਚਾਹੀਦਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਉਪਰਾਲੇ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਫਰਮਾਉਣ।
ਇੰਡਸਟਰੀ ਦਾ ਹੋ ਰਿਹਾ ਵੱਡਾ ਨੁਕਸਾਨ: ਉਧਰ ਦੂਜੇ ਪਾਸੇ ਕਾਰੋਬਾਰੀ ਵੀ ਕੇ ਭੰਵਰਾ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਨਕਾਰਾਤਮਕ ਸਟੇਜ 'ਤੇ ਜਾ ਰਹੀ ਹੈ। ਅਜਿਹਾ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋਣ ਦੇ ਨਾਲ ਹੋਰ ਨੁਕਸਾਨ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਵੱਡਾ ਨੁਕਸਾਨ ਇੰਡਸਟਰੀ ਨੂੰ ਝੱਲਣਾ ਪਵੇਗਾ। ਹਾਲਾਂਕਿ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਵੀ ਕਰਦੇ ਹਾਂ। ਆਰਥਿਕ ਪੱਖ ਤੋਂ ਵੀ ਉਹਨਾਂ ਦੀ ਮਦਦ ਕਰਦੇ ਹਾਂ ਪਰ ਲਗਾਤਾਰ ਪ੍ਰਦਰਸ਼ਨ ਹੋਣ ਦੇ ਨਾਲ ਇੰਡਸਟਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ।