ਭਾਜਪਾ ਨੂੰ ਹੋਵੇਗਾ ਫਾਇਦਾ ਜਾਂ ਨੁਕਸਾਨ ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜਿੱਥੇ ਸਿਆਸੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਗਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਇਕੱਲਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ।
ਕਿਸਾਨ ਅੰਦੋਲਨ ਦੌਰਾਨ ਟੁੱਟਿਆ ਗੱਠਜੋੜ: ਇਸ ਤੋਂ ਪਹਿਲਾਂ ਕਈ ਵਾਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਰਿਹਾ ਪਰ ਕਿਸਾਨਾਂ ਦੇ ਮੁੱਦੇ ਉੱਤੇ ਆਕੇ ਇਹ ਗੱਠਜੋੜ ਮੁੜ ਤੋਂ ਸੰਭਵ ਨਾ ਹੋ ਸਕਿਆ ਕਿਉਂਕਿ ਪਹਿਲਾਂ ਵੀ ਕਿਸਾਨ ਅੰਦੋਲਨ ਦੇ ਚਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨਾਲੋਂ ਨਾਤਾ ਤੋੜ ਲਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਕਰੀਬ 3 ਦਹਾਕੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਿਹਾ। ਹਿੰਦੂ ਸਿੱਖ ਏਕਤਾ ਦੇ ਨਾਅਰੇ ਹੇਠ ਹੋਇਆ ਇਹ ਗੱਠਜੋੜ ਕਿਸਾਨ ਅੰਦੋਲਨ ਦੌਰਾਨ ਟੁੱਟ ਗਿਆ ਸੀ।
ਭਾਜਪਾ ਦਾ ਦਾਅਵਾ:ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਸਰੀਨ ਦਾ ਕਹਿਣਾ ਹੈ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਸਬੰਧੀ ਚਰਚਾਵਾਂ ਚੱਲ ਰਹੀਆਂ ਸਨ ਪਰ ਹੁਣ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਕੱਲਿਆਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਭਾਜਪਾ ਦੇ ਵਰਕਰਾਂ ਵੱਲੋਂ ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੂਥ ਤੋਂ ਲੈ ਕੇ ਮੰਡਲ ਪ੍ਰਧਾਨਾਂ ਨਾਲ ਬੈਠਕਾਂ ਦਾ ਦੌਰ ਜਾਰੀ ਹੈ ਅਤੇ ਜੰਗੀ ਪੱਧਰ ਉੱਤੇ ਇਹਨਾਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਪੰਜਾਬ ਵਿੱਚ ਕੀਤੇ ਗਏ ਕਾਰਜ ਜਿਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਪੰਜਾਬ ਵਾਸਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਨੈਸ਼ਨਲ ਹਾਈਵੇਜ਼ ਦਾ ਪ੍ਰੋਜੈਕਟ, 12 ਲੱਖ ਤੋਂ ਵੱਧ ਉਜਵਲ ਯੋਜਨਾ ਦੇ ਕਨੈਕਸ਼ਨ, ਕਰਤਾਰਪੁਰ ਸਾਹਿਬ ਦਾ ਲਾਂਘਾ, ਸਾਹਿਬਜ਼ਾਦਿਆਂ ਦੇ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ, ਆਈਏਐਮ, ਏਮਜ਼, ਪੀਜੀਆਈ ਸੈਂਟਰ, ਕਿਸਾਨਾਂ ਲਈ 6000 ਮਹੀਨਾ, ਡੀਏਪੀ ਖਾਦ ਅਤੇ 1800 ਦੀ ਸਬਸਿਡੀ ਦੇਣਾ ਆਦਿ ਮੁੱਦਿਆਂ ਨੂੰ ਲੈ ਕੇ ਭਾਜਪਾ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗੀ ਅਤੇ ਇਸ ਵਾਰ ਫਿਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ।
ਕਿਸਾਨ ਘੇਰਨ ਲਈ ਤਿਆਰ:ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰਾਂ ਦਾ ਸਖਤ ਵਿਰੋਧ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਵਿੱਚ ਕਿਤੇ ਨਾ ਕਿਤੇ ਭਾਜਪਾ ਲਈ ਵੱਡੀ ਸਿਰਦਰਦ ਕਿਸਾਨ ਬਣ ਸਕਦੇ ਹਨ।
ਬਗੈਰ ਗੱਠਜੋੜ ਤੋਣ ਨਤੀਜੇ: ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਪੰਜਾਬ ਵਿੱਚ ਭਾਜਪਾ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਸੰਗਰੂਰ ਅਤੇ ਜਲੰਧਰ ਜਿਮਨੀ ਚੋਣ ਇਕੱਲਿਆਂ ਲੜੀ ਗਈ ਸੀ ਜਿਸ ਦੇ ਨਤੀਜੇ ਇਸ ਪ੍ਰਕਾਰ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 28 ਲੱਖ 61,286 ਵੋਟਾਂ ਪਈਆਂ ਸਨ, ਜਦੋਂ ਕਿ ਭਾਜਪਾ ਨੂੰ 10 ਲੱਖ 27,143 ਵੋਟਾਂ ਪਈਆਂ। 2022 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 72% ਵੋਟਾਂ ਦੀ ਪੋਲਿੰਗ ਹੋਈ ਸੀ, ਜਿਸ ਵਿੱਚੋਂ ਅਕਾਲੀ ਦਲ ਨੂੰ 18.38% ਅਤੇ ਭਾਜਪਾ ਨੂੰ 6.60% ਵੋਟ ਪਏ ਸਨ।
ਨਿਰਾਸ਼ਾਜਨਕ ਸਨ ਨਤੀਜੇ: ਸੰਗਰੂਰ ਲੋਕ ਸਭਾ ਸੀਟ ਉੱਤੇ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋੜ ਕੇ ਪਹਿਲੀ ਵਾਰ ਚੋਣ ਲੜੀ ਗਈ, ਜਿਸ ਵਿੱਚ ਕੇਵਲ ਸਿੰਘ ਢਿੱਲੋਂ ਨੂੰ 66298 ਵੋਟਾਂ ਪਈਆਂ ਸਨ। 2023 ਜਲੰਧਰ ਲੋਕ ਸਭਾ ਸੀਟ ਉੱਤੇ ਹੋਈ ਜਿਮਨੀ ਚੋਣ ਵਿੱਚ 54.5 ਪ੍ਰਤੀਸ਼ਤ ਵੋਟਾਂ ਦਾ ਭੁਗਤਾਨ ਹੋਇਆ ਸੀ ਅਤੇ ਭਾਜਪਾ ਨੂੰ 15.74 ਫੀਸਦੀ ਵੋਟ ਪਈ ਸੀ। ਇਸੇ ਤਰ੍ਹਾਂ ਲੋਕ ਸਭਾ ਚੋਣਾਂ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ 13 ਲੋਕ ਸਭਾ ਹਲਕਿਆਂ ਵਿੱਚ ਗੱਠਜੋੜ ਰਾਹੀਂ ਚੋਣਾਂ ਲੜੀਆਂ ਗਈਆਂ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ 10 ਅਤੇ ਭਾਜਪਾ ਵੱਲੋਂ ਤਿੰਨ ਸੀਟਾਂ ਉੱਤੇ ਚੋਣ ਲੜੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਦੋ ਅਤੇ ਭਾਜਪਾ ਨੂੰ ਵੀ ਦੋ ਸੀਟਾਂ ਉੱਤੇ ਜਿੱਤ ਪ੍ਰਾਪਤ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਨੂੰ 27.45% ਵੋਟਾਂ ਪਈਆਂ ਸਨ ਜਦੋਂ ਕਿ ਭਾਜਪਾ ਨੂੰ 9.63 ਪ੍ਰਤੀਸ਼ਤ ਵੋਟਾਂ ਪਈਆਂ ਸਨ।