ਬਰਨਾਲਾ:ਪੰਜਾਬ ਦੀ ਖੇਤੀ ਇਸ ਵੇਲੇ ਘਾਟੇ ਦਾ ਸੌਦਾ ਬਣੀ ਹੋਈ ਹੈ, ਕਿਸਾਨ ਦਿਨੋਂ ਦਿਨ ਕਰਜ਼ਈ ਹੋ ਰਹੇ ਹਨ, ਉਥੇ ਪਾਣੀ ਦੇ ਮਾਮਲੇ ਤੋਂ ਪੰਜਾਬ ਬੰਜ਼ਰ ਹੁੰਦਾ ਜਾ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਹਰਵਿੰਦਰ ਸਿੰਘ ਫ਼ੂਲਕਾ ਨੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾਂ ਪੰਜਾਬ ਦੇ ਪਾਣੀ ਅਤੇ ਖੇਤੀ ਸੰਕਟ ਨੂੰ ਲੈ ਕੇ ਆਪਣੇ ਖੇਤ ਤੋਂ ਸ਼ੁਰੂਆਤ ਕੀਤੀ ਹੈ। ਉਹਨਾਂ ਬਰਨਾਲਾ ਜਿਲ੍ਹੇ ਵਿਚਲੇ ਆਪਣੇ ਜ਼ੱਦੀ ਪਿੰਡ ਭਦੌੜ ਵਿੱਚ ਆਪਣੇ ਖੇਤਾਂ ਵਿੱਚ ਨਵੇਂ ਖੇਤੀ ਮਾਡਲ ਨੂੰ ਅਪਣਾਇਆ ਹੈ। ਜਿੱਥੇ ਇਸ ਵਿਧੀ ਰਾਹੀਂ ਉਹਨਾਂ ਵਲੋਂ ਕਣਕ ਸਮੇਤ ਹੋਰ ਫ਼ਸਲਾਂ ਲਗਾਈਆਂ ਗਈਆਂ ਹਨ। ਫਗਵਾੜਾ ਖੇਤੀ ਵਿਧੀ ਅਪਣਾ ਕੇ ਐਡਵੋਕੇਟ ਫ਼ੂਲਕਾ ਪਾਣੀ ਦੀ ਬੱਚਤ ਦੇ ਨਾਲ ਨਾਲ ਘੱਟ ਖ਼ਰਚੇ ਵਿੱਚ ਵਧੇਰੇ ਆਮਦਨ ਵੀ ਖੇਤੀ ਤੋਂ ਪ੍ਰਾਪਤ ਕਰ ਰਹੇ ਹਨ। ਇਹ ਖੇਤੀ ਵਿਧੀ ਰਵਾਇਤੀ ਖੇਤੀ ਤੋਂ ਬਿਲਕੁਲ ਅਲੱਗ ਹੈ, ਇਸ ਤਕਨੀਕ ਵਿੱਚ ਹਰ ਫ਼ਸਲ ਵੱਟਾਂ (ਬੈਡ) ਬਣਾ ਕੇ ਲਗਾਈ ਜਾਂਦੀ ਹੈ, ਜਿਸ ਨਾਲ ਪਾਣੀ ਦੀ ਬਹੁਤ ਘੱਟ ਖ਼ਪਤ ਹੁੰਦੀ ਹੈ, ਉਥੇ ਫ਼ਸਲਾਂ ਦਾ ਝਾੜ ਵੀ ਵਧੇਰੇ ਹੁੰਦਾ ਹੈ।
ਖ਼ਰਚੇ ਤੋਂ ਵੱਧ ਆਮਦਨ: ਇਸ ਵਿਧੀ ਰਾਹੀਂ ਇੱਕ ਸਮੇਂ ਇੱਕੋ ਖੇਤ ਵਿੱਚ ਦੋ ਤੋਂ ਲੈ ਕੇ ਪੰਜ ਫ਼ਸਲਾਂ ਬੀਜੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਫ਼ਸਲਾਂ ਉਪਰ ਕਿਸੇ ਕਿਸਮ ਦੇ ਰਸਾਇਣਿਕ ਖਾਦ ਅਤੇ ਸਪਰੇਅ ਵਗੈਰਾ ਦੀ ਕੋਈ ਲੋੜ ਨਹੀਂ ਪੈਂਦੀ, ਜਿਸ ਨਾਲ ਖ਼ਰਚਾ ਵੀ ਬਹੁਤ ਜਿਆਦਾ ਘੱਟ ਹੁੰਦਾ ਹੈ। ਉਹਨਾਂ ਆਪਣੇ ਖੇਤ ਵਿੱਚ ਲਗਾਈ ਕਣਕ ਦੀ ਫ਼ਸਲ ਦਿਖਾਈ ਅਤੇ ਕਣਕ ਵਿੱਚ ਛੋਲੇ ਬੀਜੀ ਹੋਈ ਦਿਖਾਏ, ਜੋ ਆਮ ਫ਼ਸਲਾਂ ਤੋਂ ਵਧੇਰੇ ਝਾੜ ਵਾਲੇ ਲੱਗ ਰਹੇ ਹਨ। ਐਡਵੋਕੇਟ ਫ਼ੂਲਕਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਬੰਜ਼ਰ ਹੋਣ ਵਾਲੀ ਹੈ, ਜਿਸ ਨੂੰ ਬਚਾਉਣ ਲਈ ਸਾਨੂੰ ਅੱਜ ਹੀ ਕਦਮ ਪੁੱਟਣ ਦੀ ਲੋੜ ਹੈ। ਫਗਵਾੜਾ ਖੇਤੀ ਵਿਧੀ ਰਾਹੀਂ ਕਿਸਾਨ ਪਾਣੀ ਦੀ ਬੱਚਤ ਕਰਨ ਦੇ ਨਾਲ ਨਾਲ ਘੱਟ ਖ਼ਰਚੇ ਤੋਂ ਵੱਧ ਆਮਦਨ ਪ੍ਰਾਪਤ ਕਰ ਸਕਣਗੇ।
ਪਾਣੀ ਦੀ ਵਰਤੋਂ ਬਹੁਤ ਘਟੇਗੀ:ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਹਰਵਿੰਦਰ ਸਿੰਘ ਫ਼ੂਲਕਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੌਜੂਦਾ ਸਮੇਂ ਰਵਾਇਤੀ ਖੇਤੀ ਕੀਤੀ ਜਾ ਰਹੀ ਹੈ, ਉਸ ਹਿਸਾਬ ਨਾਲ ਸਾਡੀ ਬਰਨਾਲਾ ਤੇ ਭਦੌੜ ਏਰੀਏ ਦੀ ਧਰਤੀ ਪਾਣੀ ਦੇ ਪੱਖ ਤੋਂ ਬੰਜ਼ਰ ਹੋ ਜਾਣੀ ਹੈ। ਜਿਸ ਕਰਕੇ ਹੁਣ ਸਮਾਂ ਹੈ ਕਿ ਪੰਜਾਬ ਦੀ ਖੇਤੀ ਦਾ ਢੰਗ ਬਦਲਿਆ ਜਾਵੇ। ਧਰਤੀ ਵਿੱਚੋਂ ਕੱਢੇ ਜਾ ਰਹੇ ਪਾਣੀ ਦੀ ਵਰਤੋਂ ਨੂੰ ਘਟਾਉਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਫ਼ਗਵਾੜਾ ਖੇਤੀ ਮਾਡਲ ਇੱਕ ਅਜਿਹਾ ਖੇਤੀ ਮਾਡਲ ਹੈ, ਜਿਸ ਨਾਲ ਖੇਤੀ ਲਈ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਫ਼ਸਲਾਂ ਦਾ ਝਾੜ ਵੀ ਵੱਧ ਹੁੰਦਾ ਹੈ। ਅਜਿਹਾ ਕਰਕੇ ਅਸੀਂ ਪੰਜਾਬ ਨੂੰ ਬੰਜ਼ਰ ਹੋਣ ਤੋਂ ਬਚਾ ਸਕਦੇ ਹਾਂ। ਉਹਨਾਂ ਦੱਸਿਆ ਕਿ ਇਸ ਖੇਤੀ ਵਿਧੀ ਰਾਹੀਂ ਹਰ ਫ਼ਸਲ ਵੱਟਾਂ(ਬੈਡ) ਬਣਾ ਕੇ ਲਗਾਈ ਜਾਂਦੀ ਹੈ। ਜਿਸ ਨਾਲ ਪਾਣੀ ਦੀ ਵਰਤੋਂ ਬਹੁਤ ਘਟੇਗੀ।