ਖੰਨਾ ਮੰਦਿਰ 'ਚ ਚੋਰੀ ਦਾ ਮਸਲਾ ਸੁਲਝਾਉਣ ਲਈ ਕੀਤਾ ਖਾਸ ਧੰਨਵਾਦ (ETV BHARAT) ਚੰਡੀਗੜ੍ਹ/ਖੰਨਾ:ਬੀਤੇ ਦਿਨੀਂ ਖੰਨਾ ਵਿਖੇ ਸ਼ਿਵ ਮੰਦਿਰ 'ਚ ਹੋਈ ਚੋਰੀ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ ਸਨਸਨੀਖੇਜ਼ ਸ਼ਿਵ ਮੰਦਰ ਚੋਰੀ ਦੇ ਮਾਮਲੇ ਨੂੰ 7 ਦਿਨਾਂ ਵਿੱਚ ਸੁਲਝਾ ਲਿਆ ਹੈ। ਜਿਸ ਤਹਿਤ ਅੱਜ ਖ਼ਾਸ ਧਨਵਾਦ ਕਰਨ ਲਈ ਹਿੰਦੂ ਗੁਰੂ ਬੰਸੀ ਲਾਲ ਨੇ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹੰਤ ਨੇ ਕਿਹਾ ਕਿ ਸ਼ਿਵ ਮੰਦਿਰ ਵਿੱਚ ਹੋਈ ਚੋਰੀ ਦੀ ਘਟਨਾ ਬੇਹੱਦ ਮੰਦਭਾਗੀ ਘਟਨਾ ਹੈ ਇਸ ਨੇ ਨਾਲ ਹਿੰਦੂ ਧਰਮ ਹੀ ਨਹੀਂ ਬਲਕਿ ਧਰਮ ਵਿੱਚ ਯਕੀਨ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਸਨ। ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਇਹ ਬੇਹੱਦ ਸ਼ਲਾਘਾਯੋਗ ਹੈ।
ਸ਼ਿਵ ਮੰਦਰ ਚੋਰੀ ਦਾ ਮਾਮਲਾ ਸੁਲਝਾ ਲਿਆ: ਇਸ ਮੌਕੇ ਮਹੰਤ ਗੁਰੂ ਨੇ ਕਿਹਾ ਕਿ ਅੱਜ ਯਕੀਨ ਹੋ ਗਿਆ ਹੈ ਕਿਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਉਤੇ ਜੋ ਬੋਲਦੇ ਹਨ, ਉਨਾਂ ਗੱਲਾਂ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਜੋ ਕਹਿੰਦੇ ਹਨ ਉਹ ਕਰਕੇ ਵੀ ਦਿਖਾਉਂਦੇ ਹਨ। ਅੱਜ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਸਫਲ ਹੋਈ ਹੈ ਅਤੇ ਆਉਣ ਵਾਲੇ ਸਮੇਂ 'ਚ ਉਮੀਦ ਹੈ ਕਿ ਹੋਰ ਵੀ ਅਜਿਹੇ ਮਾਮਲੇ ਸੁਲਝਾਏ ਜਾਣਗੇ।
ਦੱਸਣਯੋਗ ਹੈ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ, ਮੰਦਰਾਂ ਅਤੇ ਗੁਰਦੁਆਰਿਆਂ ਵਰਗੇ ਧਾਰਮਿਕ ਸਥਾਨਾਂ ਵਿੱਚ ਚੋਰੀਆਂ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਚੰਡੀਗੜ੍ਹ ਪੁਲਿਸ, ਬਟਾਲਾ ਪੁਲਿਸ, ਊਧਮ ਸਿੰਘ ਨਗਰ ਪੁਲਿਸ, ਉਤਰਾਖੰਡ ਅਤੇ ਲਖਨਊ ਪੁਲਿਸ ਦੇ ਸਹਿਯੋਗ ਨਾਲ ਕਾਬੂ ਕੀਤਾ ਗਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਰਿੰਕੂ ਵਾਸੀ ਸਿੰਧੀ ਝਾਲਾ ਜ਼ਿਲ੍ਹਾ ਊਧਮ ਸਿੰਘ ਨਗਰ ਉੱਤਰਾਖੰਡ ਵਜੋਂ ਹੋਈ ਹੈ। ਰਵੀ ਕੁਮਾਰ ਵਾਸੀ ਮਹਿੰਦਪੁਰ ਰੋਪੜ, ਹਨੀ ਵਾਸੀ ਮਹਿੰਦਪੁਰ, ਰੋਪੜ ਅਤੇ ਰਾਜੀਵ ਕੁਮਾਰ ਉਰਫ਼ ਸੋਨੀ ਵਾਸੀ ਕੁਮਾਰਪੁਰਮ, ਲਖਨਊ, ਉੱਤਰ ਪ੍ਰਦੇਸ਼ ਸ਼ਾਮਲ ਹਨ।
ਸ਼ਿਵਲਿੰਗ ਦਾ ਅਪਮਾਨ :15 ਅਗਸਤ ਨੂੰ ਸਵੇਰੇ 4:30 ਵਜੇ ਅਣਪਛਾਤੇ ਵਿਅਕਤੀਆਂ ਨੇ ਸ਼ਿਵਪੁਰੀ ਮੰਦਰ ਦੀ ਛੱਤ ਤੋਂ ਖਿੜਕੀਆਂ ਰਾਹੀਂ ਅੰਦਰ ਦਾਖਲ ਹੋ ਕੇ ਚਾਂਦੀ ਦੀ ਮਾਲਾ (ਜੋ ਸ਼ਿਵਲਿੰਗ ਮਹਾਰਾਜ ਦੇ ਉੱਪਰ ਚੜ੍ਹਾਈ ਹੋਈ ਸੀ) ਸਮੇਤ ਕਈ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਸ਼ਿਵਲਿੰਗ ਮਹਾਰਾਜ 'ਤੇ, ਕ੍ਰਿਸ਼ਨ ਮਹਾਰਾਜ ਦੀ ਚਾਂਦੀ ਦੀ ਬੰਸਰੀ, ਚਾਂਦੀ ਦਾ ਮੁਕਟ ਅਤੇ ਮੰਦਰ ਦੀਆਂ ਸਾਰੀਆਂ ਮੂਰਤੀਆਂ ਦੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਉਸ ਨੇ ਸ਼ਿਵਲਿੰਗ ਮਹਾਰਾਜ ਦਾ ਅਪਮਾਨ ਵੀ ਕੀਤਾ।
ਵੱਡੀ ਯੋਜਨਾ ਨਾਕਮਾਯਾਬ : ਖੰਨਾ ਦੀ ਪੁਲਿਸ ਟੀਮਾਂ ਨੇ ਇਸ ਮਾਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਮੰਦਰ ਵਿੱਚੋਂ ਚੋਰੀ ਕੀਤੀ 3.63 ਕਿਲੋ ਚਾਂਦੀ ਬਰਾਮਦ ਕੀਤੀ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਤਾਮਿਲਨਾਡੂ ਅਤੇ ਤੇਲੰਗਾਨਾ 'ਚ ਮੰਦਰਾਂ ਨੂੰ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ।