ਲੁਧਿਆਣਾ:ਪੂਰੀ ਦੁਨੀਆਂ ਵਿੱਚ ਰਾਮ ਮੰਦਿਰ ਦੇ 'ਪ੍ਰਾਣ ਪ੍ਰਤਿਸ਼ਠਾ' ਨੂੰ ਲੈ ਕੇ ਵਿਸ਼ਾਲ ਸਮਾਗਮ ਕੀਤੇ ਜਾ ਰਹੇ ਹਨ। ਇਸੇ ਨੂੰ ਲੈ ਕੇ ਲੁਧਿਆਣਾ ਦੇ ਰਾਮ ਮੰਦਿਰ ਦੇ ਵਿੱਚ ਵੀ ਹਵਨ ਯੱਗ ਪ੍ਰੋਗਰਾਮ ਕਰਵਾਇਆ ਗਿਆ। ਇੱਥੋਂ ਤੱਕ ਕਿ ਅਯੁੱਧਿਆ ਤੋਂ ਵੀ ਸਿੱਧੇ ਪ੍ਰੋਗਰਾਮ ਲਾਈਵ ਵਿਖਾਏ ਜਾ ਰਹੇ ਹਨ। ਹਿੰਦੂ ਭਾਈਚਾਰਾ ਅਤੇ ਸਿੱਖ ਭਾਈਚਾਰਾ ਸਾਰੇ ਹੀ ਆਪਸ ਦੇ ਵਿੱਚ ਰਲ ਮਿਲ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਲੈ ਰਹੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦੇ ਰਹੇ ਹਨ। ਇਸ ਸਮਾਗਮ ਵਿੱਚ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਵੱਲੋਂ ਸ਼ਿਰਕਤ ਕੀਤੀ ਗਈ। ਜਿਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਦਮੀ ਹਨ। ਉਹਨਾਂ ਕਿਹਾ ਕਿ ਅੱਜ ਪੂਰੇ ਦੇਸ਼ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਗਿਆ ਹੈ। ਇਸ ਮੌਕੇ ਗੁਰਦੀਪ ਗੋਸ਼ਾ ਨੇ ਬੋਲਦੇ ਹੋਇਆ ਕਿਹਾ ਕਿ ਬਾਬਰ ਨੇ ਉਸ ਸਮੇਂ ਦੇ ਵਿੱਚ 3300 ਦੇ ਕਰੀਬ ਮੰਦਿਰਾਂ ਨੂੰ ਤੋੜ ਦਿੱਤਾ ਸੀ ਅਤੇ ਸਾਡੀ ਨਲੰਦਾ ਯੂਨੀਵਰਸਿਟੀ ਨੂੰ ਤਬਾਹ ਕਰ ਦਿੱਤਾ ਸੀ ਪਰ ਉਹਨਾਂ ਕਿਹਾ ਸਾਡੇ ਭਾਈਚਾਰਕ ਸਾਂਝ ਨੇ ਇੱਕਜੁੱਟ ਹੋ ਕੇ ਉਸ ਦਾ ਮੁਕਾਬਲਾ ਕੀਤਾ ਅਤੇ ਉਸਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਉਸ ਵੇਲੇ ਵੀ ਸਿੱਖ ਧਰਮ ਦੇ ਮੋਢੀਆਂ ਨੇ ਬਾਬਰ ਦੇ ਜ਼ੁਲਮਾਂ ਖਿਲਾਫ ਬੋਲਿਆ ਸੀ।
ਅਜਨਾਲਾ: ਅਯੋਧਿਆ ਵਿਖੇ ਹੋ ਰਹੇ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਨੂੰ ਲੈ ਕੇ ਅਜਨਾਲਾ ਅੰਦਰ ਹਿੰਦੂ ਭਾਈਚਾਰੇ ਵੱਲੋਂ ਇੱਕ ਵੱਡੀ ਐਲਈਡੀ ਲਗਾ ਕੇ ਲੋਕਾਂ ਨੂੰ ਅਯੋਧਿਆ ਦਾ ਲਾਈਵ ਪ੍ਰਸਾਰਣ ਦਿਖਾਇਆ ਗਿਆ। ਜਿਸ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਹੁੰਚ ਕੇ ਸਭ ਤੋਂ ਪਹਿਲਾਂ ਪੂਜਾ ਕੀਤੀ ਗਈ। ਉਸ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਯੋਧਿਆ ਦਾ ਲਾਈਵ ਪ੍ਰਸਾਰਣ ਦੇਖਿਆ ਗਿਆ ਅਤੇ ਇਸ ਮੌਕੇ ਲਗਾਏ ਲੰਗਰ ਦੀ ਸ਼ੁਰੂਆਤ ਕੀਤੀ ਗਈ। ਇਸ ਦਿਹਾੜੇ ਮੌਕੇ ਸਾਰੇ ਭਾਰਤੀਆਂ ਨੂੰ ਉਨ੍ਹਾਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ।