ਭਵਾਨੀਗੜ੍ਹ ਸ਼ਹਿਰ 'ਚ ਹੋਇਆ ਦਿਲ ਦਹਿਲਾ ਦੇਣ ਵਾਲਾ ਐਕਸੀਡੈਂਟ (etv bharat) ਸੰਗਰੂਰ:ਸਾਡੇ ਦੇਸ਼ ਵਿੱਚ ਆਏ ਦਿਨ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਹੁੰਦੇ ਰਹਿੰਦੇ ਹਨ, ਜਿੰਨ੍ਹਾਂ ਦੇ ਵਾਪਰਨ ਦੇ ਕਈ ਕਾਰਨ ਹੁੰਦੇ ਹਨ, ਕਈ ਵਾਰ ਵਹੀਕਲ ਚਲਾ ਰਹੇ ਗਲਤੀ ਕਰ ਦਿੰਦੇ ਹਨ ਅਤੇ ਕਈ ਵਾਰ ਸਾਫ਼ ਸੜਕ ਨਾ ਹੋਣ ਕਾਰਨ ਵੀ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਇਸੇ ਤਰ੍ਹਾਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਭਵਾਨੀਗੜ੍ਹ ਵਿੱਚ ਦਿਲ ਨੂੰ ਝੰਜੋੜਨ ਵਾਲਾ ਹਾਦਸਾ ਸੁਣਨ ਨੂੰ ਮਿਲਿਆ ਹੈ, ਜਿਸ ਬਾਰੇ ਪੜ੍ਹਨ-ਸੁਣਨ ਤੋਂ ਬਾਅਦ ਕੋਈ ਵੀ ਵਿਅਕਤੀ ਸਹਿਜ ਨਹੀਂ ਰਹਿ ਪਾਏਗਾ। ਦਰਅਸਲ, ਭਵਾਨੀਗੜ੍ਹ ਸ਼ਹਿਰ 'ਚ 29 ਸਾਲਾਂ ਲੜਕੀ ਦੀ ਟਰੱਕ ਥੱਲੇ ਆਉਣ ਕਾਰਨ ਮੌਤ ਹੋ ਗਈ।
ਉਲੇਖਯੋਗ ਹੈ ਕਿ ਅੱਜ (11 ਜੂਨ) ਸਵੇਰੇ ਭਵਾਨੀਗੜ੍ਹ ਦੇ ਨੈਸ਼ਨਲ ਹਾਈਵੇ ਉਤੇ ਇੱਕ 29 ਸਾਲਾਂ ਬਬਲੀ ਕੌਰ ਪੁੱਤਰੀ ਨਾਹਰ ਸਿੰਘ ਵਾਸੀ ਭਵਾਨੀਗੜ੍ਹ ਪੈਦਲ ਨੈਸ਼ਨਲ ਹਾਈਵੇ ਦੇ ਕੱਟ ਤੋਂ ਬਲਿਆਲ ਰੋਡ ਵੱਲ ਜਾ ਰਹੀ ਸੀ ਅਤੇ ਉਸਦੇ ਸਾਹਮਣੇ ਟਰੱਕ ਆ ਜਾਂਦਾ ਹੈ ਅਤੇ ਉਸਨੂੰ ਦਰੜ ਦਿੰਦਾ ਹੈ। ਲੜਕੀ ਦੀ ਮੌਕੇ ਉਤੇ ਮੌਤ ਹੋ ਜਾਂਦੀ ਹੈ।
ਲੜਕੀ ਦੇ ਪਰਿਵਾਰ ਨੂੰ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਲੜਕੀ ਦਾ ਪਰਿਵਾਰ ਮੌਕੇ ਉਤੇ ਪਹੁੰਚ ਜਾਂਦਾ ਹੈ ਅਤੇ ਰੋਡ ਉੱਪਰ ਹੀ ਚੀਕ ਚਿਹਾੜਾ ਪੈ ਜਾਂਦਾ ਹੈ ਅਤੇ ਧਰਨਾ ਲਗਾਉਣ ਦੀ ਸਥਿਤੀ ਵੀ ਬਣ ਜਾਂਦੀ ਹੈ, ਕੁੜੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ, ਪੁਲਿਸ ਨੇ ਜਾਣਕਾਰੀ ਦਿੱਤੀ ਕਿ ਟਰੱਕ ਜ਼ਬਤ ਕਰ ਲਿਆ ਹੈ ਅਤੇ ਟਰੱਕ ਡਰਾਈਵਰ ਵੀ ਫੜ ਲਵਾਂਗੇ।
ਤੁਹਾਨੂੰ ਦੱਸ ਦੇਈਏ ਕਿ ਇੱਕ ਪਾਸੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਸਕੂਲਾਂ ਕਾਲਜਾਂ ਦੇ ਵਿੱਚ ਰੋਡ ਸੁਰੱਖਿਆ ਨੂੰ ਲੈ ਕੇ ਕੈਂਪ ਲਗਾਏ ਜਾਂਦੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਰੋਲ ਨਿਯਮ ਨੂੰ ਫਾਲੋ ਕੀਤਾ ਜਾਵੇ ਪਰ ਕਿਸੇ ਇੱਕ ਇਨਸਾਨ ਦੀ ਗਲਤੀ ਦੇ ਕਾਰਨ ਵੱਡਾ ਐਕਸੀਡੈਂਟ ਹੋ ਜਾਂਦਾ ਹੈ, ਜਿਸ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੋਣ ਦੇ ਕਾਰਨ ਕਈ ਪਰਿਵਾਰਾਂ ਉਤੇ ਇਸਦਾ ਅਸਰ ਵੇਖਣ ਨੂੰ ਮਿਲਦਾ ਹੈ।