ਚੰਡੀਗੜ੍ਹ:ਭਾਜਪਾ ਸਾਂਸਦ ਅਤੇ ਅਦਾਕਾਰਾ ਕੰਗਨਾ ਰਣੌਤ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲਾਂਕਿ ਕੰਗਨਾ 'ਤੇ ਵਿਰੋਧੀਆਂ ਵੱਲੋਂ ਲਗਾਤਾਰ ਬਿਆਨਬਾਜੀ ਕੀਤੀ ਜਾ ਰਹੀ ਹੈ। ਇਸ ਦੌਰਾਨ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੰਗਨਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਇਸ ਬਿਆਨ ਨੂੰ ਲੈ ਕੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਜਾਰੀ ਕੀਤਾ ਹੈ।
ਹਰਿਆਣਾ ਰਾਜ ਮਹਿਲਾ ਕਮਿਸ਼ਨ ਦਾ ਨੋਟਿਸ (ETV BHARAT) ਸਿਮਰਨਜੀਤ ਸਿੰਘ ਮਾਨ ਦਾ ਇਹ ਸੀ ਬਿਆਨ: ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਰਣੌਤ ਦੇ ਬਿਆਨ 'ਤੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਮੈਂ ਇਹ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫੀ ਤਜਰਬਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਬਲਾਤਕਾਰ ਕਿਵੇਂ ਹੁੰਦਾ ਹੈ ਤਾਂ ਕਿ ਲੋਕਾਂ ਨੂੰ ਸਮਜਾਇਆ ਜਾ ਸਕੇ ਕਿ ਬਲਾਤਕਾਰ ਕਿਵੇਂ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਕੰਗਨਾ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਬਲਾਤਕਾਰ ਹੋਏ ਸੀ।
ਪੰਜ ਦਿਨਾਂ ਦੇ ਅੰਦਰ ਜਵਾਬ ਤਲਬੀ:ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੰਗਨਾ ਰਣੌਤ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਨੂ ਭਾਟੀਆ ਨੇ ਇਹ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਕੰਗਨਾ ਰਣੌਤ ਬਾਰੇ ਦਿੱਤੇ ਇਤਰਾਜ਼ਯੋਗ ਬਿਆਨ ਲਈ 5 ਦਿਨਾਂ ਦੇ ਅੰਦਰ ਮੁਆਫ਼ੀ ਮੰਗਣ ਅਤੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਅੱਗੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕਰਨਾਲ ਵਿੱਚ ਦਿੱਤੇ ਉਨ੍ਹਾਂ ਦੇ ਬਿਆਨ ਵਿੱਚ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਦੀ ਹੈ।
ਕੰਗਨਾ ਨੇ ਦਿੱਤਾ ਜਵਾਬ: ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ 'ਤੇ ਭਾਜਪਾ ਸਾਂਸਦ ਕੰਗਨਾ ਰਣੌਤ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਕਿਹਾ ਕਿ ਲੱਗਦਾ ਹੈ ਕਿ ਇਹ ਦੇਸ਼ ਬਲਾਤਕਾਰ ਨੂੰ ਮਾਮੂਲੀ ਸਮਝਣਾ ਕਦੇ ਨਹੀਂ ਛੱਡੇਗਾ। ਅੱਜ ਸੀਨੀਅਰ ਸਿਆਸਤਦਾਨ ਨੇ ਬਲਾਤਕਾਰ ਦੀ ਤੁਲਨਾ ਸਾਈਕਲ ਦੀ ਸਵਾਰੀ ਨਾਲ ਕੀਤੀ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਔਰਤਾਂ ਵਿਰੁੱਧ ਬਲਾਤਕਾਰ ਅਤੇ ਹਿੰਸਾ ਇਸ ਪੁਰਖ ਪ੍ਰਧਾਨ ਦੇਸ਼ ਦੀ ਮਾਨਸਿਕਤਾ ਵਿੱਚ ਡੂੰਘੀਆਂ ਜੜ੍ਹਾਂ ਹਨ। ਇਸ ਦਾ ਇਸਤੇਮਾਲ ਲਾਪਰਵਾਹੀ ਨਾਲ ਛੇੜਛਾੜ ਕਰਨ ਲਈ ਵਰਤਿਆ ਜਾਂਦਾ ਹੈ। ਔਰਤ ਭਾਵੇਂ ਹਾਈ ਪ੍ਰੋਫਾਈਲ ਫਿਲਮ ਨਿਰਮਾਤਾ ਹੋਵੇ ਜਾਂ ਸਿਆਸਤਦਾਨ, ਉਸ ਦਾ ਮਜ਼ਾਕ ੳਡਾਉਣਾ ਬੰਦ ਨਹੀਂ ਹੁੰਦਾ।
ਭਾਜਪਾ ਦਾ ਕੰਗਨਾ ਦੇ ਬਿਆਨ ਤੋਂ ਕਿਨਾਰਾ: ਕਾਬਿਲੇਗੌਰ ਹੈ ਕਿ ਕੰਗਨਾ ਵਲੋਂ ਕਿਸਾਨ ਅੰਦੋਲਨ ਨੂੰ ਲੈਕੇ ਦਿੱਤੇ ਬਿਆਨ 'ਤੇ ਭਾਜਪਾ ਨੇ ਕਿਨਾਰਾ ਕਰ ਲਿਆ ਹੈ। ਜਿਸ 'ਚ ਬੀਤੇ ਦਿਨੀਂ ਭਾਜਪਾ ਨੇ ਸਪੱਸ਼ਟੀਕਰਨ ਵੀ ਦਿੱਤਾ ਸੀ ਕਿ ਭਾਜਪਾ ਪਾਰਟੀ ਦਾ ਇਸ ਬਿਆਨ ਨਾਲ ਕੋਈ ਸਬੰਧ ਨਹੀਂ ਹੈ। ਇਸ ਦੇ ਨਾਲ ਹੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਕੰਗਨਾ ਰਣੌਤ ਨੂੰ ਤਲਬ ਵੀ ਕੀਤਾ ਗਿਆ ਸੀ।