ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ ਵਿੱਚ ਹੀ ਗੋਲੀ ਲੱਗਣ ਕਰਕੇ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਗੋਗੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਗੋਲੀ ਲੱਗਣ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮੰਤਰੀ ਅਮਨ ਅਰੋੜਾ
ਇਸ ਸਬੰਧੀ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ। ਅਮਨ ਅਰੋੜਾ ਨੇ ਅੱਗੇ ਕਿਹਾ ਕਿਹਾ ਕਿ ਫਿਲਹਾਲ ਅਸੀਂ ਪਰਿਵਾਰ ਨੂੰ ਸਹਾਰਾ ਦੇਣ ਲਈ ਆਏ ਹਾਂ। ਉਹਨਾਂ ਕਿਹਾ ਕਿ ਮੌਤ ਦੇ ਕੀ ਕਾਰਣ ਨੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਕਰ ਰਹੀ ਜਾਂਚ
ਜੁਆਇੰਟ ਕਮਿਸ਼ਨਰ ਜਸਕਿਰਨ ਸਿੰਘ ਤੇਜਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਚੁੱਕੀ ਹੈ। ਮੌਤ ਦੇ ਅਸਲ ਕਾਰਣ ਕੀ ਹਨ ਫਿਲਹਾਲ ਸਭ ਕੁੱਝ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਦੂਜੇ ਪਾਸੇ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਗਲਤੀ ਨਾਲ ਇਹ ਫਾਇਰ ਹੋਇਆ ਹੈ। ਗੁਰਪ੍ਰੀਤ ਗੋਗੀ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਗੋਗੀ ਦੀ ਮ੍ਰਿਤਕ ਦੇਹ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਹੈ। ਆਪਣੀ ਰਿਹਾਇਸ਼ ਉੱਤੇ ਦੇਰ ਰਾਤ ਗੋਲੀ ਲੱਗਣ ਨਾਲ ਉਹਨਾਂ ਦੀ ਮੌਤ ਹੋ ਗਈ ਹੈ।
ਲਾਈਸੈਂਸੀ ਪਿਸਟਲ ਨਾਲ ਫਾਇਰ
ਜੁਆਇੰਟ ਕਮਿਸ਼ਨਰ ਜਸਕਿਰਨ ਸਿੰਘ ਤੇਜਾ ਨੇ ਅੱਗੇ ਦੱਸਿਆ ਕਿ ਮ੍ਰਿਤਕ ਗੋਗੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਗਲਤੀ ਨਾਲ ਅਚਾਨਕ ਚੱਲੀ ਗੋਲੀ ਕਾਰਣ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਰਾਤ ਸਾਢੇ 11 ਵਜੇ ਦੇ ਕਰੀਬ ਗੋਗੀ ਆਪਣੇ ਲਾਈਸੈਂਸੀ 25 ਬੋਰ ਪਿਸਤੌਲ ਨੂੰ ਸਾਫ ਕਰ ਰਹੇ ਸਨ ਅਤੇ ਇਸ ਦੌਰਾਨ ਅਚਾਨਕ ਚੱਲੀ ਗੋਲੀ ਉਨ੍ਹਾਂ ਦੇ ਸਿਰ ਵਿੱਚ ਵੱਜੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜੁਆਇੰਟ ਕਮਿਸ਼ਨਰ ਮੁਤਾਬਿਕ ਪਿਸਤੌਲ ਵਿੱਚੋਂ ਸਿਰਫ ਇੱਕ ਹੀ ਫਾਇਰ ਹੋਇਆ ਹੈ। ਉਨ੍ਹਾਂ ਆਖਿਆ ਕਿ ਮੌਤ ਦਾ ਅਸਲ ਕਾਰਣ ਪੋਸਟਮਾਰਟਮ ਰਾਹੀਂ ਹੀ ਸਾਫ ਹੋਵੇਗਾ।
- "ਪੁਲਿਸ ਅਧਿਕਾਰੀਆਂ ਅਤੇ ਸਿਆਸੀ ਲੀਡਰਾਂ ਨੂੰ ਬਚਾ ਰਹੀ ਹੈ ਐੱਸਆਈਟੀ", ਬੇਅਦਬੀ ਦੇ ਮੁੱਖ ਮੁਲਜ਼ਮ ਦੀ ਪਤਨੀ ਨੇ ਹਾਈ ਕੋਰਟ ਵਿੱਚ ਇਨਸਾਫ਼ ਦੀ ਲਾਈ ਗੁਹਾਰ
- ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਦਾ ਅਸਤੀਫ਼ਾ ਕੀਤਾ ਮਨਜ਼ੂਰ, ਸੇਵਾਵਾਂ ਲਈ ਕਮੇਟੀ ਨੇ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ
- ਜਗਜੀਤ ਡੱਲੇਵਾਲ ਮਾਮਲੇ 'ਤੇ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ ਟਲੀ, ਮੰਗਾਂ ਲਈ ਮਰਨ ਵਰਤ ਉੱਤੇ ਹਨ ਡੱਲੇਵਾਲ