'ਆਪ' ਵੱਲੋਂ ਉਮੀਦਵਾਰਾਂ ਦੇ ਐਲਾਨ 'ਤੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਬਠਿੰਡਾ :ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦਾ ਭਾਵੇਂ ਅਜੇ ਐਲਾਨ ਹੋਣਾ ਬਾਕੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ 13 ਹਲਕਿਆਂ ਵਿੱਚੋਂ ਅੱਠ ਲੋਕ ਸਭਾ ਹਲਕਿਆਂ ਵਿਚਾਲੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਠਿੰਡਾ ਲੋਕ ਸਭਾ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੋਂ ਬਾਅਦ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਹੁਣ ਆਮ ਆਦਮੀ ਪਾਰਟੀ, ਆਮ ਲੋਕਾਂ ਦੀ ਪਾਰਟੀ ਨਹੀਂ ਰਹੀ ਅਤੇ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਆਪਣੇ ਮੰਤਰੀਆਂ ਨੂੰ ਉਤਾਰਨਾ ਪੈ ਰਿਹਾ ਹੈ। ਕਿਉਂਕਿ ਲੋਕਾਂ ਵੱਲੋਂ ਹੁਣ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਚੌਣ ਮੈਦਾਨ ਵਿੱਚ ਕੈਬਿਨੇਟ ਮੰਤਰੀ ਉਤਾਰੇ:ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਤਾਂ ਮਾਨ ਸਰਕਾਰ ਵੱਲੋਂ ਪੈਂਚਰਾਂ ਵਾਲੇ ਨੂੰ ਸਿਆਸਤ ਵਿੱਚ ਲਿਆਉਣ ਦੀ ਗੱਲ ਕੀਤੀ ਸੀ। ਹੁਣ ਭਗਵੰਤ ਮਾਨ ਨੁੰ ਕੀ ਹੋ ਗਿਆ ਹੈ ਕਿ ਮੈਦਾਨ ਵਿੱਚ ਕੈਬਿਨੇਟ ਮੰਤਰੀ ਉਤਾਰੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਲੋਕਾਂ ਵਿੱਚ ਵਿਚਰਣਗੇ ਤਾਂ ਲੋਕ ਉਹਨਾਂ ਨੂੰ ਸਵਾਲ ਜਰੂਰ ਕਰਨਗੇ। ਕਿਉਂਕਿ ਇਹ ਸਰਕਾਰ ਦੌਰਾਨ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਹਾਲੇ ਤੱਕ ਲੋਕਾਂ ਨੂੰ ਨਹੀਂ ਦਿੱਤਾ ਗਿਆ ਅਤੇ ਬੀਬੀਆਂ ਨੂੰ ਹਰ ਮਹੀਨੇ 1000 ਦੇਣ ਦਾ ਵਾਅਦਾ ਵੀ ਵਿਚਕਾਰ ਲਟਕਿਆ ਹੋਇਆ ਹੈ।
ਲੋਕ ਵੋਟਾਂ ਤੋਂ ਪਹਿਲਾਂ ਕਰਨਗੇ ਸਵਾਲ :ਉਹਨਾਂ ਕਿਹਾ ਕਿ ਹੁਣ ਜਦੋਂ ਚੋਣ ਪ੍ਰਚਾਰ ਲਈ ਗੁਰਮੀਤ ਸਿੰਘ ਖੁੱਡੀਆਂ ਲੋਕਾਂ ਵਿੱਚ ਜਾਣਗੇ ਤਾਂ ਲੋਕਾਂ ਨੇ ਇਹ ਸਵਾਲ ਜਰੂਰ ਕਰਨਾ ਹੈ ਕਿ ਤੁਸੀਂ ਆਪਣੇ ਵਾਅਦੇ ਕਦੋਂ ਪੂਰੇ ਕਰੋਗੇ ? ਕਦੋਂ ਆਮ ਲੋਕਾਂ ਦੀ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਆੰਦੋਲਨਕਾਰੀ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਵਿੱਚ ਵੱਡਾ ਰੋਹ ਹੈ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਵਿਰੋਧ ਵੇਖਣ ਨੂੰ ਮਿਲੇਗਾ। ਬਠਿੰਡਾ ਤੋਂ ਚੋਣ ਲੜਨ ਸਬੰਧੀ ਟਿੱਪਣੀ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਪਾਰਟੀ ਹਾਈ ਕਮਾਨ ਦਾ ਫੈਸਲਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਾਲੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ।
ਨਸ਼ੇ ਦੇ ਸੌਦਾਗਰ ਕਿਊਂ ਹਨ ਆਜ਼ਾਦ:ਹਰਸਿਮਰਤ ਕੌਰ ਬਾਦਲ ਨੇ ਮਾਨ ਸਰਕਾਰ ਨੁੰ ਤੰਜ ਕੱਸਦੇ ਹੋਏ ਕਿਹਾ ਕਿ ਪਹਿਲਾਂ ਤਾਂ ਕਿਹਾ ਸੀ ਕਿ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦਾ ਇਨਸਾਫ ਹੋਵੇਗਾ। ਨਾਲ ਹੀ ਉਹਨਾਂ ਆਪ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਦੇ ਦਾਅਵੇ ਕੀਤੇ ਗਏ ਸਨ ਅੱਜ ਇਹ ਸਭ ਕੀਥੇ ਹੈ।ਉਹਨਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਸੀ ਤਾਂ ਫਿਰ ਸਾਨੂੰ ਕਿਊਂ ਨਹੀਂ ਫੜ੍ਹ ਰਹੇ। ਕਿਹੜੇ ਮੱਗਰਮੱਛਾਂ ਨੂੰ ਕਾਬੂ ਕਰਨਾ ਚਾਹੁੰਦੇ ਸਨ ਜੋ ਅੱਜ ਵੀ ਹੱਥ ਨਹੀਂ ਆਰਹੇ । ਕੌਣ ਰੋਦਾ ਹੈ,ਭਗਵੰਤ ਮਾਨ ਸਾਬ੍ਹ ਇੱਕ ਵਾਰ ਲੋਕਾਂ ਸਾਹਮਣੇ ਆਪਣੇ ਆਪ ਨੂੰ ਸਾਬਿਤ ਕਰੋ, ਫਿਰ ਵੋਟਾਂ ਮੰਗੋ।